ਚੰਦੂਮਾਜਰਾ ਵਲੋਂ ਸੰਸਦ 'ਚ ਸਾਹਿਬਜ਼ਾਦਿਆਂ ਬਾਰੇ ਸੋਗ ਮਤਾ ਪੇਸ਼ ਕਰਨ ਤੋਂ ਸਰਨਾ ਨੂੰ ਇਤਰਾਜ਼

ਪੰਥਕ, ਪੰਥਕ/ਗੁਰਬਾਣੀ

ਨਵੀਂ ਦਿੱਲੀ, 2 ਜਨਵਰੀ (ਅਮਨਦੀਪ ਸਿੰਘ): ਅਕਾਲੀ ਐਮ.ਪੀ. ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਬਾਰੇ ਸੰਸਦ ਵਿਚ ਪੇਸ਼ ਕੀਤੇ ਗਏ ਮਤੇ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਸਿੱਖ ਰਵਾਇਤਾਂ ਤੇ ਸਿਧਾਂਤਾਂ ਦੇ ਉਲਟ ਦਸਿਆ ਹੈ। 

ਉਨ੍ਹਾਂ ਕਿਹਾ ਕਿ ਦੋ ਸਦੀਆਂ ਪਿੱਛੋਂ ਇਸ ਬਾਰੇ ਸੋਗ ਮਤਾ ਲਿਆ ਕੇ ਪ੍ਰੋ. ਚੰਦੂਮਾਜਰਾ ਸਾਜ਼ਸ਼ ਅਧੀਨ ਸਿੱਖ ਇਤਿਹਾਸ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਸਾਬਿਜ਼ਾਦਿਆਂ ਦੀ ਸ਼ਹੀਦੀਆਂ ਬਾਰੇ ਸਮੁੱਚੀ ਸਿੱਖ ਕੌਮ ਨੂੰ ਮਾਣ ਹੈ ਤੇ ਸ਼ਹੀਦੀਆਂ ਬਾਰੇ ਸੋਗ ਮਤੇ ਪੇਸ਼ ਨਹੀਂ ਕੀਤੇ ਜਾ ਸਕਦੇ ਜਿਸ ਤਰ੍ਹਾਂ ਚੰਦੂਮਾਜਰਾ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਨੂੰ ਵਿਗਾੜਨ ਦੀ ਇਸ ਹਰਕਤ ਲਈ ਪ੍ਰੋ. ਚੰਦੂਮਾਜਰਾ ਨੂੰ ਅਕਾਲ ਤਖ਼ਤ 'ਤੇ ਤਲਬ ਕਰ ਕੇ ਸਪੱਸ਼ਟੀਕਰਨ ਲਿਆ ਜਾਵੇ। ਉਨ੍ਹਾਂ ਕਿਹਾ ਕਿ ਬਾਦਲ ਦਲ ਸਮੇਂ-ਸਮੇਂ 'ਤੇ ਸਿੱਖ ਧਰਮ ਤੇ ਇਤਿਹਾਸ ਬਾਰੇ ਅਜਿਹੇ ਬਿਆਨ ਦਿੰਦਾ ਰਹਿੰਦਾ ਹੈ ਜਿਸ ਨਾਲ ਸਿੱਖੀ ਨੂੰ ਖੋਰਾ ਲੱਗੇ।

 ਇਸ ਤਰ੍ਹਾਂ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਪੰਜਾਬ ਸਰਕਾਰ ਵਲੋਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਅਖ਼ਬਾਰਾਂ ਵਿਚ ਛਪਵਾਏ ਗਏ ਇਸ਼ਤਿਹਾਰ ਦੀ ਤੁਲਨਾ ਨੈਪੋਲੀਅਨ ਨਾਲ ਕਰ ਕੇ ਕੀਤਾ ਹੈ। ਇਸ ਤਰ੍ਹਾਂ ਡਾ. ਚੀਮਾ ਨੇ ਸਿੱਖ ਧਰਮ ਨੂੰ ਹਿੰਦੂ ਮਤ ਨਾਲ ਜੋੜ ਕੇ ਮੂਰਤੀ ਪੂਜਾ ਵੱਲ ਧੱਕਣ ਦੀ ਕੋਝੀ ਕੋਸ਼ਿਸ਼ ਕੀਤੀ ਹੈ। 

ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ਸਿੱਖ ਧਰਮ ਨੂੰ ਹਿੰਦੂ ਧਰਮ ਨਾਲ ਜੋੜਨ ਦੀ ਕੋਝੀ ਕਾਰਵਾਈ ਹੈ ਕਿਉਂਕਿ ਪਹਿਲਾਂ ਹੀ ਬਾਦਲ ਦਲ ਸਿੱਖ ਕੌਮ ਦੀ ਅਡਰੀ ਹੋਂਦ ਦੇ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ ਦਾ ਬਿਕ੍ਰਮੀਕਰਨ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਸਲਿਆਂ ਬਾਰੇ ਸਿੱਖ ਬੁੱਧੀਜੀਵੀਆਂ ਦੀ ਕਮੇਟੀ ਕਾਇਮ ਕਰ ਕੇ, ਸਿੱਖ ਰਵਾਇਤਾਂ ਤੇ ਰਹੁ ਰੀਤਾਂ ਬਾਰੇ ਫ਼ੈਸਲਾ ਕੀਤਾ ਜਾਵੇ ਤਾਕਿ ਬਾਦਲ ਦਲ ਵਲੋਂ ਸਿੱਖ ਇਤਿਹਾਸਕ ਨੂੰ ਵਿਗਾੜਨ ਦੇ ਮਨਸੂਬਿਆਂ ਨੂੰ ਠੱਲ੍ਹ ਪਾਈ ਜਾ ਸਕੇ।