ਮੱਖਣ ਸ਼ਾਹ ਦਭਾਲੀ
ਇਤਿਹਾਸ ਗਵਾਹ ਹੈ ਕਿ ਸਿੱਖ ਸਮਾਜ ਨੇ ਜਿੱਥੇ ਉਨ੍ਹਾਂ 'ਤੇ ਜ਼ਬਰ ਜ਼ੁਲਮ ਅਤੇ ਧਾਰਮਿਕ ਹੱਠਧਰਮੀ ਕਰਨ ਵਾਲਿਆਂ ਨੂੰ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ, ਉੱਥੇ ਸੰਕਟ ਦੀ ਘੜੀ ਵਿਚ ਉਨ੍ਹਾਂ ਦਾ ਪੱਖ ਪੂਰਨ ਅਤੇ ਹਮਦਰਦੀ ਦਾ ਪ੍ਰਗਟਾਵਾ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਅਤੇ ਪੁਸ਼ਤਾਂ ਤੱਕ ਉਨ੍ਹਾਂ ਦਾ ਅਹਿਸਾਨਮੰਦ ਵੀ ਰਿਹਾ। ਸਿੱਖ ਕੌਮ 'ਤੇ ਇਹੋ ਜਿਹਾ ਇੱਕ ਅਹਿਸਾਨ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਂ ਨੇ ਕੀਤਾ ਸੀ, ਜਿਸ ਦਾ ਭਰਵਾਂ ਮੁੱਲ ਚੁਕਾ ਦੇਣ ਉਪਰੰਤ ਵੀ ਸਿੱਖ ਭਾਈਚਾਰਾ ਇਸ ਅਹਿਸਾਨ ਦੇ ਮਿੱਠੇ ਭਾਰ ਹੇਠ ਦੱਬੇ ਰਹਿਣ ਵਿਚ ਅੰਤਾਂ ਦਾ ਫ਼ਖ਼ਰ ਮਹਿਸੂਸ ਕਰਦਾ ਹੈ। ਸਰਹਿੰਦ ਦੀ ਸੂਬੇਦਾਰ ਵਜ਼ੀਰ ਖਾਂ ਦੀ ਕਚਹਿਰੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ (9 ਸਾਲ) ਅਤੇ ਬਾਬਾ ਫਤਿਹ ਸਿੰਘ (7 ਸਾਲ) ਨੂੰ ਪੇਸ਼ ਕੀਤਾ ਗਿਆ। ਉਸ ਸਮੇਂ ਕਚਹਿਰੀ ਵਿਚ ਹੋਰਨਾਂ ਤੋਂ ਇਲਾਵਾ ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਂ ਵੀ ਹਾਜ਼ਰ ਸੀ।
ਝਾੜੂ ਸਾ ਖਾ ਕੇ ਦੋਨੋਂ ਸ਼ਰਮਸਾਰ ਹੋ ਗਏ।
ਜੱਲਾਦ ਸਾਰੇ ਕਤਲ ਸੇ ਬੇਜ਼ਾਰ ਹੋ ਗਏ।
(ਹਕੀਮ ਅੱਲ੍ਹਾ ਯਾਰ ਖਾਂ ਜੋਗੀ, ਸਰਹਿੰਦ ਅਤੇ ਚਮਕੌਰ ਸਾਹਿਬ ਦੇ ਖ਼ੂਨੀ ਸਾਕਿਆਂ ਨੂੰ ਦੋ ਲੰਬੀਆਂ ਉਰਦੂ ਨਜ਼ਮਾਂ ਵਿਚ ਲਿਖਣ ਵਾਲੇ ਲਾਸਾਨੀ ਸ਼ਾਇਰ ਹਨ। ਇਨ੍ਹਾਂ ਦੀ ਸੰਨ 1913 ਈਸਵੀ ਵਿਚ ਲਿਖੀ ਉਰਦੂ ਨਜ਼ਮ 'ਸ਼ਹੀਦਾਨਿ ਵਫ਼ਾ' (ਸਾਕਾ ਸਰਹਿੰਦ) ਨੇ ਬਹੁਤ ਲੋਕਪ੍ਰਿਯਤਾ ਅਤੇ ਪ੍ਰਸਿੱਧੀ ਹਾਸਲ ਕੀਤੀ।)
ਇਸੇ ਦੌਰਾਨ ਚਲਾਕ ਅਤੇ ਮੱਕਾਰ ਸੁੱਚਾ ਨੰਦ ਨੇ ਸਾਹਿਬਜ਼ਾਦਿਆਂ ਨੂੰ ਬਾਗ਼ੀ ਸਿੱਧ ਕਰਕੇ ਸੂਬੇਦਾਰ ਅਤੇ ਕਾਜ਼ੀ ਨੂੰ ਜਚਾ ਦਿੱਤਾ ਕਿ ਮੁਸਲਿਮ ਸ਼ਰ੍ਹਾ ਅਨੁਸਾਰ ਬਾਗ਼ੀਆਂ ਨੂੰ ਸਜ਼ਾ-ਏ-ਮੌਤ ਦਿੱਤੀ ਜਾ ਸਕਦੀ ਹੈ। ਅੰਤ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਕੰਧਾਂ ਵਿਚ ਚਿਣਵਾ ਦੇਣ ਦਾ ਮੰਦਭਾਗਾ ਫ਼ੈਸਲਾ ਕੀਤਾ ਗਿਆ। ਉਹ ਫ਼ੈਸਲਾ ਜਿਸ 'ਤੇ ਸਿੱਖ ਸਮਾਜ ਹੁਬਕੀਂ ਰੋਇਆ। ਉਹ ਫ਼ੈਸਲਾ, ਜਿਸ ਨੇ ਇਤਿਹਾਸ ਨੂੰ ਇੱਕ ਨਵਾਂ ਮੋੜ ਦਿੱਤਾ। ਉਹ ਫ਼ੈਸਲਾ, ਜੋ ਸੂਬੇਦਾਰ ਅਤੇ ਮੁਗ਼ਲ ਹਕਮੂਤ ਨੂੰ ਬਹੁਤ ਜ਼ਿਆਦਾ ਮਹਿੰਗਾ ਪਿਆ।