ਅੰਮ੍ਰਿਤਸਰ, 9 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ) : ਚੀਫ਼ ਖ਼ਾਲਸਾ ਦੀਵਾਨ ਦੀ 25 ਮਾਰਚ ਨੂੰ ਪ੍ਰਧਾਨ ਤੋ ਹੋਰ ਅਹੁਦੇਦਾਰਾਂ ਦੀ ਹੋਣ ਵਾਲੀ ਚੋਣ ਲਈ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਨ ਲਈ ਦੀਵਾਨ ਦੇ ਕਾਰਜਕਾਰੀ ਪ੍ਰਧਾਨ ਧੰਨਰਾਜ ਸਿੰਘ ਧੜੇ ਨਾਲ ਸਬੰਧਤ ਉਪ ਪ੍ਰਧਾਨ ਦੇ ਅਹੁਦੇਦਾਰ ਲਈ ਸਰਬਜੀਤ ਸਿੰਘ ਸਪੁੱਤਰ ਕ੍ਰਿਪਾਲ ਸਿੰਘ ਸਾਬਕਾ ਪ੍ਰਧਾਨ ਤੇ ਸਾਬਕਾ ਲੋਕ ਸਭਾ ਮੈਬਰ ਤੇ ਆਨਰੇਰੀ ਸਕੱਤਰ ਲਈ ਸੰਤੋਖ ਸਿੰਘ ਸੇਠੀ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਪ੍ਰਧਾਨ ਦੇ ਅਹੁਦੇ ਲਈ ਕਿਸੇ ਵੀ ਧਿਰ ਨੇ ਹਾਲੇ ਕਾਗਜ਼ ਦਾਖ਼ਲ ਨਹੀਂ ਕੀਤੇ ਪਰ ਅੰਦਰਖ਼ਾਤੇ ਸਰਗਰਮੀਆਂ ਤੇਜ਼ ਹਨ। ਭਾਗ ਸਿੰਘ ਅਣਖੀ ਧੜੇ ਵਲੋਂ ਰਾਜਮਹਿੰਦਰ ਸਿੰਘ ਮਜੀਠਾ ਪ੍ਰਧਾਨਗੀ ਲਈ ਕਾਗ਼ਜ਼ਾਤ ਦਾਖ਼ਲ ਕਰਵਾਉਣਗੇ। ਇਸ ਸਬੰਧੀ ਚੋਣ ਅਧਿਕਾਰੀ ਪ੍ਰਿੰ. ਬਰਜਿੰਦਰ ਸਿੰਘ ਨੇ ਦਸਿਆ ਕਿ ਚੀਫ਼ ਖ਼ਾਲਸਾ ਦੀਵਾਨ ਵਿਚ ਹੋ ਰਹੀ ਤਿੰਨ ਅਹੁਦਿਆਂ ਦੀ ਚੋਣ ਲਈ ਅੱਜ ਦੋ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ ਜਿਨ੍ਹਾਂ ਵਿਚ ਸਰਬਜੀਤ ਸਿੰਘ ਨੇ ਮੀਤ ਪ੍ਰਧਾਨ ਤੇ ਸੰਤੋਖ ਸਿੰਘ ਸੇਠੀ ਨੇ ਆਨਰੇਰੀ ਸਕੱਤਰ ਦੇ ਖਾਲੀ ਅਹੁਦੇ ਲਈ ਕਾਗ਼ਜ਼ ਦਾਖ਼ਲ ਕੀਤੇ ਹਨ।
ਬਰਜਿੰਦਰ ਸਿੰਘ ਮੁਤਾਬਕ ਚੋਣ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਕਰਵਾਈ ਜਾਵੇਗੀ ਅਤੇ ਕਿਸੇ ਵੀ ਵਿਅਕਤੀ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿਤਾ ਜਾਵੇਗਾ। 13 ਮਾਰਚ ਤਕ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾਣਗੇ ਤੇ 16 ਤਕ ਵਾਪਸ ਲਏ ਜਾ ਸਕਣਗੇ। 14 ਮਾਰਚ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਕੀਤੀ ਜਾਵੇਗੀ। 25 ਮਾਰਚ ਨੂੰ ਦੁਪਿਹਰ 1.30 ਵਜੇ ਤੋ 5.00 ਵਜੇ ਤਕ ਵੋਟਾਂ ਪਾਈਆਂ ਜਾ ਸਕਣਗੀਆਂ ਅਤੇ ਉਸੇ ਦਿਨ ਹੀ ਨਤੀਜਾ ਐਲਾਨ ਦਿਤਾ ਜਾਵੇਗਾ। ਬੈਲਟ ਪੇਪਰ ਰਾਹੀਂ ਚੋਣ ਕਰਵਾਈ ਜਾਵੇਗੀ। ਉਨ੍ਹਾਂ ਯਕੀਨ ਦਿਵਾਇਆ ਕਿ ਚੋਣਾਂ ਲੋਕਤੰਤਰੀ ਮਰਿਆਦਾ ਅਨੁਸਾਰ ਗੁਪਤ ਮਤਦਾਨ ਰਾਹੀਂ ਕਰਵਾਈਆਂ ਜਾਣਗੀਆਂ। ਜਾਣਕਾਰੀ ਮੁਤਾਬਕ ਭਾਗ ਸਿੰਘ ਅਣਖੀ ਧੜੇ ਦੇ ਉਮੀਦਵਾਰ ਸ. ਰਾਜਮਹਿੰਦਰ ਸਿੰਘ ਮਜੀਠਾ ਪ੍ਰਧਾਨ ਦੇ ਅਹੁਦੇ ਲਈ, ਨਿਰਮਲ ਸਿੰਘ ਠੇਕੇਦਾਰ ਮੀਤ ਪ੍ਰਧਾਨ ਤੇ ਸ. ਸੁਰਿੰਦਰ ਸਿੰਘ ਰੁਮਾਲਿਆਵਾਲੇ 13 ਮਾਰਚ ਨੂੰ ਅਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ।