ਚੀਫ਼ ਖ਼ਾਲਸਾ ਦੀਵਾਨ ਦੀ ਮੁਢਲੀ ਮੈਂਬਰਸ਼ਿਪ ਤੋਂ ਸਰਬਸੰਮਤੀ ਨਾਲ ਚੱਢਾ ਖ਼ਾਰਜ

ਪੰਥਕ, ਪੰਥਕ/ਗੁਰਬਾਣੀ

ਅੰਮ੍ਰਿਤਸਰ, 5 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਚੀਫ਼ ਖ਼ਾਲਸਾ ਦੀਵਾਨ ਦੀ ਕਾਰਜ ਸਾਧਕ ਕਮੇਟੀ ਦੀ ਅਹਿਮ ਬੈਠਕ ਕਾਰਜਕਾਰੀ ਪ੍ਰਧਾਨ ਧਨਰਾਜ ਸਿੰਘ ਅਗਵਾਈ ਹੇਠ ਹੋਈ ਜਿਸ ਵਿਚ ਚਰਚਿਤ ਚਰਨਜੀਤ ਸਿੰਘ ਚੱਢਾ ਦਾ ਅਸਤੀਫ਼ਾ ਪ੍ਰਵਾਨ ਕਰਦਿਆਂ ਮੁਢਲੀ ਮੈਂਬਰਸ਼ਿਪ ਤੋਂ ਖਾਰਜ਼ ਕਰ ਦਿਤਾ ਗਿਆ। ਇਹ ਫ਼ੈਸਲਾ ਕਾਰਜ ਸਾਧਕ ਕਮੇਟੀ ਨੇ ਸਰਬਸੰਮਤੀ ਨਾਲ ਲਿਆ।ਅੱਜ ਦੀ ਬੈਠਕ ਵਿਚ ਉਕਤ ਚਰਨਜੀਤ ਸਿੰਘ ਚੱਢਾ ਦੇ ਲੜਕੇ ਹਰਜੀਤ ਸਿੰਘ ਚੱਢਾ ਤੋਂ ਇਲਾਵਾ ਆਨਰੇਰੀ ਸਕੱਤਰ ਐਨ ਐਸ ਖੁਰਾਣਾ, ਹਰਜੀਤ ਸਿੰਘ, ਨਿਰਮਲ ਸਿੰਘ, ਜਸਪਾਲ ਸਿੰਘ, ਸਵਿੰਦਰ ਸਿੰਘ ਕੱਥੂਨੰਗਲ ਸਾਬਕਾ ਐਮ ਐਲ ਏ, ਰਾਜਮਹਿੰਦਰ ਸਿੰਘ ਮਜੀਠਾ ਸਾਬਕਾ ਸੰਸਦੀ ਮੈਂਬਰ, ਸਰਬਜੀਤ ਸਿੰਘ, ਐਡਵੋਕੇਟ ਜਸਵਿੰਦਰ ਸਿੰਘ, ਨਵਪ੍ਰੀਤ ਸਿੰਘ ਸਾਹਨੀ, ਚਰਨਜੀਤ ਸਿੰਘ, ਅਮਰਜੀਤ ਸਿੰਘ ਵਿਕਰਾਂਤ, ਪ੍ਰੀਤਮ ਸਿੰਘ ਚੰਡੀਗੜ੍ਹ ਆਦਿ ਕਾਰਜ ਸਾਧਕ ਮੈਂਬਰਾਂ ਸ਼ਮੂਲੀਅਤ ਕੀਤੀ। ਅੱਜ ਚੀਫ਼ ਖ਼ਾਲਸਾ ਦੀਵਾਨ ਦੇ ਜਨਰਲ ਹਾਊਸ ਦਾ ਬਾਅਦ ਦੁਪਹਿਰ ਇਜਲਾਸ ਹੋ ਰਿਹਾ ਹੈ ਜਿਸ ਵਿਚ ਚਰਨਜੀਤ ਸਿੰਘ ਚੱਢਾ ਦੀ ਥਾਂ ਨਵਾਂ ਪ੍ਰਧਾਨ ਚੁਣਨ ਲਈ ਨਵੀਂ ਤਰੀਕ ਨਿਸ਼ਚਿਤ ਕੀਤੀ ਜਾਵੇਗੀ। ਦਸਣਯੋਗ ਹੈ ਕਿ 'ਜਥੇਦਾਰਾਂ' ਦੀ ਬੈਠਕ 'ਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਚਰਨਜੀਤ ਸਿੰਘ ਚੱਢਾ ਨੂੰ ਤਲਬ ਕੀਤਾ ਸੀ ਜਿਥੇ ਚੱਢਾ ਨੇ ਉਨ੍ਹਾਂ ਨੂੰ ਅਸਤੀਫ਼ਾ ਸੌਂਪ ਦਿਤਾ ਸੀ ਤੇ ਆਨਰੇਰੀ ਸਕੱਤਰ ਨੂੰ ਆਦੇਸ਼ ਜਾਰੀ ਕਰ ਕੇ ਹਦਾਇਤ ਕੀਤੀ ਸੀ ਕਿ ਇਹ ਪ੍ਰਵਾਨ ਕਰ ਕੇ ਮੁਢਲੀ ਮੈਂਬਰਸ਼ਿਪ ਤੋਂ ਵੀ ਖ਼ਾਰਜ ਕਰ ਦਿਤਾ ਜਾਵੇ।