ਚੀਫ ਖ਼ਾਲਸਾ ਦੀਵਾਨ ਦੀ ਪ੍ਰਧਾਨਗੀ ਹਥਿਆਉਣ ਲਈ ਜੰਗ ਤੇਜ਼

ਪੰਥਕ, ਪੰਥਕ/ਗੁਰਬਾਣੀ

ਅੰਮ੍ਰਿਤਸਰ, 2 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਸਿੱਖਾਂ ਦੀ ਸਿਰਮੌਰ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦਾ ਪ੍ਰਧਾਨ ਬਣਨ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ ਜਿਸ ਸਬੰਧੀ ਅਗਲੇ ਹਫ਼ਤੇ ਹੋ ਰਹੀ ਅਹਿਮ ਬੈਠਕ ਵਿਚ ਪ੍ਰਧਾਨਗੀ ਦੀ ਚੋਣ ਤੇ ਹੋਰ ਅਹੁਦੇਦਾਰ ਚੁਣਨ ਲਈ ਬਕਾਇਦਾ ਐਲਾਨ ਹੋਵੇਗਾ। ਜਾਣਕਾਰੀ ਮੁਤਾਬਕ ਚੀਫ਼ ਖ਼ਾਲਸਾ ਦੀਵਾਨ ਦਾ ਪ੍ਰਧਾਨ ਬਣਾਉਣ ਲਈ ਪਰਦੇ ਪਿੱਛੇ ਜੋੜ-ਤੋੜ ਤੇ ਰੋਜ਼ਾਨਾ ਬੈਠਕਾਂ ਕੀਤੀਆਂ ਜਾ ਰਹੀਆਂ ਹਨ। ਆਉਦੇ ਦਿਨਾਂ ਵਿਚ ਹੋਰ ਤੇਜ਼ੀ ਆਉਣ ਦੀ ਸੰਭਾਵਨਾ ਹੈ ਤੇ ਕਰੀਬ ਅੱਧੀ ਦਰਜ਼ਨ ਉਮੀਦਵਾਰ ਚਰਚਾ ਵਿਚ ਹਨ। ਸੂਤਰਾਂ ਅਨੁਸਾਰ ਧਨਰਾਜ ਸਿੰਘ ਕਾਰਜਕਾਰੀ ਪ੍ਰਧਾਨ ਚੀਫ਼ ਖ਼ਾਲਸਾ ਦੀਵਾਨ, ਦੀਵਾਨ ਦੇ ਸੱਭ ਤੋਂ ਸੀਨੀਅਰ ਮੈਂਬਰ ਤੇ ਵੱਖ ਵੱਖ ਅਹੁਦਿਆਂ ਤੇ ਬਿਰਾਜਮਾਨ ਰਹੇ ਡਾ. ਸੰਤੋਖ ਸਿੰਘ ਸੇਠੀ, ਰਾਜਮਹਿੰਦਰ ਸਿੰਘ ਮਜੀਠਾ ਸਾਬਕਾ ਸੰਸਦ ਮੈਂਬਰ, ਸਰਬਜੀਤ ਸਿੰਘ ਆਦਿ ਚਰਚਾ ਵਿਚ ਹਨ। ਚੀਫ਼ ਖ਼ਾਲਸਾ ਦੀਵਾਨ ਦੀ ਪ੍ਰਧਾਨਗੀ ਤੋਂ ਲਾਹੇ ਗਏ ਪ੍ਰਧਾਨ ਚਰਨਜੀਤ ਸਿੰਘ ਚੱਢਾ ਵੀ ਅਪਣੇ ਪੱਖ ਦਾ ਉਮੀਦਵਾਰ ਬਣਾਉਣ ਲਈ ਅੰਦਰਖ਼ਾਤੇ ਸਰਗਰਮ ਦਸੇ ਜਾ ਰਹੇ ਹਨ। ਚਰਨਜੀਤ ਸਿੰਘ 

ਚੱਢਾ ਵਿਰੋਧੀ ਗਰੁਪ ਤੇ ਮੈਂਬਰ ਸੱਭ ਤੋਂ ਜ਼ਿਆਦਾ ਸਰਗਰਮ ਹਨ ਕਿ ਇਸ ਸੰਸਥਾ ਦੀ ਆਨ ਤੇ ਸ਼ਾਨ ਬਰਕਰਾਰ ਰੱਖਣ ਲਈ ਪ੍ਰਭਾਵਸ਼ਾਲੀ ਤੇ ਮਜ਼ਬੂਤ ਚਰਿੱਤਰਵਾਨ ਨੂੰ ਪ੍ਰਧਾਨ ਤੇ ਹੋਰ ਅਹੁਦੇਦਾਰ ਬਣਾਏ ਜਾਣ। ਸੂਤਰ ਦਸਦੇ ਹਨ ਕਿ ਕੁੱਝ ਆਗੂ ਸ਼ਹਿਰ ਨਾਲ ਸਬੰਧਤ ਵਿਅਕਤੀ ਨੂੰ ਪ੍ਰਧਾਨ ਬਣਾਉਣ ਦਾ ਨਾਹਰਾ ਵੀ ਦੇ ਰਹੇ ਹਨ ਤੇ ਦੂਜੇ ਪਾਸੇ ਫਿਰਕੂ ਰੰਗਤ ਦੇਣ ਦੀ ਥਾਂ ਸਾਫ਼-ਸੁਥਰੇ ਅਕਸ ਵਾਲੀ ਸ਼ਖ਼ਸੀਅਤ ਨੂੰ ਪ੍ਰਧਾਨ ਤੇ ਹੋਰ ਅਹੁਦੇਦਾਰ ਬਣਾਉਣ ਦੀ ਵਕਾਲਤ ਕਰ ਰਹੇ ਹਨ। ਸਿੱਖਾਂ ਦੀ ਇਸ ਮਹਾਨ ਤੇ ਮੁਕੱਦਸ ਸੰਸਥਾ ਨੂੰ ਸਮਝਣ ਵਾਲੇ ਸਿੱਖ ਆਗੂਆਂ ਦਾ ਕਹਿਣਾ ਹੈ ਕਿ ਮੌਜੂਦਾ ਬਣੇ ਹਾਲਾਤ ਵਿਚ ਜਾਤ-ਪਾਤ ਦੀ ਥਾਂ ਉਚ ਮਿਆਰੀ ਵਿਅਕਤੀ ਨੂੰ ਹੀ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਹੈ ਤਾਕਿ ਸਿੱਖਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਬਚਾਇਆ ਜਾ ਸਕੇ।