ਡਾ. ਮਨਜੀਤ ਸਿੰਘ ਢਿੱਲੋਂ ਦਾ 'ਸੋ ਦਰੁ ਤੇਰਾ ਕੇਹਾ' ਪੁਸਤਕ ਨਾਲ ਸਨਮਾਨ

ਪੰਥਕ, ਪੰਥਕ/ਗੁਰਬਾਣੀ

ਕੋਟਕਪੂਰਾ, 23 ਨਵੰਬਰ (ਗੁਰਿੰਦਰ ਸਿੰਘ): ਹੈਲਪ ਕਮਿਊਨਿਟੀ ਵੈਲਫ਼ੇਅਰ ਸੁਸਾਇਟੀ ਦੇ ਸੰਸਥਾਪਕ, ਬਾਬਾ ਫ਼ਰੀਦ ਨਰਸਿੰਗ ਕਾਲਜ ਕੋਟਕਪੂਰਾ ਦੇ ਮੈਨੇਜਿੰਗ ਡਾਇਰੈਕਟਰ ਤੇ ਸਮਾਜਸੇਵੀ ਡਾ. ਮਨਜੀਤ ਸਿੰਘ ਢਿੱਲੋਂ ਦੇ 'ਉੱਚਾ ਦਰ ਬਾਬੇ ਨਾਨਕ ਦਾ' ਦਾ ਮੁੱਖ ਸਰਪ੍ਰਸਤ ਮੈਂਬਰ ਬਣਨ 'ਤੇ 'ਰੋਜ਼ਾਨਾ ਸਪੋਕਸਮੈਨ' ਦੇ ਮੈਨੇਜਿੰਗ ਡਾਇਰੈਕਟਰ ਮੈਡਮ ਜਗਜੀਤ ਕੌਰ ਨੇ ਸ. ਜੋਗਿੰਦਰ ਸਿੰਘ ਸਪੋਕਸਮੈਨ ਦੀ ਪਲੇਠੀ ਪੁਸਤਕ 'ਸੋ ਦਰੁ ਤੇਰਾ ਕੇਹਾ' ਨਾਲ ਡਾ. ਢਿੱਲੋਂ ਦਾ ਸਨਮਾਨ ਕੀਤਾ। ਸਪੋਕਸਮੈਨ ਦੇ ਮੁੱਖ ਦਫ਼ਤਰ ਵਿਖੇ ਪੁੱਜੇ ਡਾ. ਢਿੱਲੋਂ ਨੇ ਸ. ਜੋਗਿੰਦਰ ਸਿੰਘ ਅਤੇ ਬੀਬੀ ਜਗਜੀਤ ਕੌਰ ਵਲੋਂ ਮਨੁੱਖਤਾ ਦੀ ਭਲਾਈ ਲਈ ਆਰੰਭੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸ. ਜੋਗਿੰਦਰ ਸਿੰਘ ਦੀ ਪੁਸਤਕ 'ਸੋ ਦਰੁ ਤੇਰਾ ਕੇਹਾ' ਦਾ ਪੰਜਾਬੀ ਦੇ ਨਾਲ-ਨਾਲ ਹਿੰਦੀ ਅਤੇ ਅੰਗਰੇਜ਼ੀ ਵਿਚ ਵੀ ਅਨੁਵਾਦ ਹੋਣਾ ਚਾਹੀਦਾ ਹੈ 

ਤੇ ਇਹ ਪੁਸਤਕ ਦੁਨੀਆਂ ਦੇ ਕੋਨੇ-ਕੋਨੇ 'ਚ ਵਸਦੇ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂਆਂ ਤਕ ਪੁਜਣੀ ਚਾਹੀਦੀ ਹੇ। ਉਨਾ ਕਿਹਾ ਕਿ ਬਾਬੇ ਨਾਨਕ ਦੇ ਅਸਲ ਫ਼ਲਸਫ਼ੇ ਦੇ ਸਰਲ ਭਾਸ਼ਾ 'ਚ ਅਰਥ ਕਰ ਕੇ ਸ. ਜੋਗਿੰਦਰ ਸਿੰਘ ਨੇ ਨਵਾਂ ਇਤਿਹਾਸ ਸਿਰਜ ਦਿਤਾ ਹੈ ਕਿਉਂਕਿ ਇਸ ਤੋਂ ਪਹਿਲਾਂ ਅਜਿਹੇ ਤੱਥਾਂ ਸਮੇਤ ਦਲੀਲਾਂ ਵਾਲੇ ਅਰਥਾਂ ਵਾਲੀ ਪੁਸਤਕ ਉਨ੍ਹਾਂ ਕਿਤੇ ਨਹੀਂ ਵੇਖੀ। ਉਨ੍ਹਾਂ ਦਾਅਵਾ ਕੀਤਾ ਕਿ ਇਕ ਤਾਂ 'ਉੱਚਾ ਦਰ ਬਾਬੇ ਨਾਨਕ ਦਾ' ਮਿਉਜ਼ੀਅਮ ਰਾਹੀਂ ਗੁਰੂ ਸਾਹਿਬਾਨ ਦਾ ਅਸਲ ਫ਼ਲਸਫ਼ਾ ਦੁਨੀਆਂ ਦੇ ਕੋਨੇ-ਕੋਨੇ 'ਚ ਪੁੱਜੇਗਾ, ਦੂਜਾ ਇਸ ਤੋਂ ਹੋਣ ਵਾਲੀ 100 ਫ਼ੀ ਸਦੀ ਆਮਦਨ ਗਰੀਬ, ਬੇਵੱਸ, ਲਾਚਾਰ ਤੇ ਮੁਥਾਜ ਲੋਕਾਂ ਲਈ ਰਾਖਵੀਂ ਕਰ ਦੇਣੀ ਵੀ ਤਿਆਗ ਦੀ ਮਿਸਾਲ ਹੀ ਨਹੀਂ ਬਲਕਿ ਇਤਿਹਾਸਕ ਕੁਰਬਾਨੀ ਵੀ ਹੈ।