ਦਮਦਮੀ ਟਕਸਾਲ ਦੇ ਹੈੱਡਕੁਆਰਟਰ ਪੁੱਜੇ ਲੌਂਗੋਵਾਲ

ਪੰਥਕ, ਪੰਥਕ/ਗੁਰਬਾਣੀ

ਅੰਮ੍ਰਿਤਸਰ, 4 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਚੌਕ ਮਹਿਤਾ ਵਿਖੇ ਪਹੁੰਚ ਕੇ ਸੰਤ ਗਿ. ਹਰਨਾਮ ਸਿੰਘ ਖ਼ਾਲਸਾ ਤੋਂ ਆਸ਼ੀਰਵਾਦ ਲੈਂਦਿਆਂ, ਗੁਰਮਤਿ ਪ੍ਰਚਾਰ ਨੂੰ ਹੋਰ ਪ੍ਰਚੰਡ ਕਰਨ ਲਈ ਸਹਿਯੋਗ ਮੰਗਿਆ। ਇਸ ਮੌਕੇ ਉਨ੍ਹਾਂ ਦਮਦਮੀ ਟਕਸਾਲ ਮੁਖੀ ਨਾਲ ਮੀਟਿੰਗ ਕਰਦਿਆਂ ਪੰਥਕ ਮੁਦਿਆਂ ਪ੍ਰਤੀ ਵਿਚਾਰਾਂ ਕੀਤੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਸਮੇਂ ਦੀ ਲੋੜ ਨੂੰ ਵੇਖਦਿਆਂ ਦਮਦਮੀ ਟਕਸਾਲ ਸੰਤ ਸਮਾਜ, ਸੰਤ ਮਹਾਪੁਰਸ਼ਾਂ ਅਤੇ ਸਿੱਖ ਜਥੇਬੰਦੀਆਂ ਨਾਲ ਸਲਾਹ ਕਰਨ ਉਪਰੰਤ ਪੰਥ ਦੀ ਹਰ ਚੁਨੌਤੀ ਦਾ ਹੱਲ ਕਢਿਆ ਜਾਵੇਗਾ ਅਤੇ ਸਿੱਖੀ ਦੇ ਪ੍ਰਚਾਰ ਲਈ ਹਰ ਲੋੜੀਂਦਾ ਉਪਰਾਲਾ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਪਾਰਦਰਸ਼ੀ ਤਰੀਕੇ ਨਾਲ ਕੰਮ ਕਰੇਗੀ ਅਤੇ ਪੰਥਕ ਮੁਦਿਆਂ ਪ੍ਰਤੀ ਸੰਜੀਦਗੀ ਅਪਣਾਈ ਜਾਵੇਗੀ।  ਉਨ੍ਹਾਂ ਕਿਹਾ ਕਿ ਡੇਰਾ ਸਿਰਸਾ ਕਾਂਡ 

ਉਪਰੰਤ ਕੁੱਝ ਕਾਰਨਾਂ ਵੱਸ ਸਿੱਖੀ ਦੀ ਮੁੱਖ ਧਾਰਾ ਤੋਂ ਦੂਰ ਜਾ ਚੁੱਕੇ ਲੋਕਾਂ ਨੂੰ ਸਿੱਖੀ ਅਤੇ ਗੁਰੂ ਘਰ ਨਾਲ ਜੋੜਨ ਲਈ ਪੂਰਾ ਤਾਣ ਲਾ ਦਿਤਾ ਜਾਵੇਗਾ। ਲੌਂਗੋਵਾਲ ਨੇ ਕਿਹਾ ਕਿ ਉਨ੍ਹਾਂ ਦਾ ਟਕਸਾਲ ਨਾਲ ਬਹੁਤ ਪੁਰਾਣਾ ਨਾਤਾ ਹੈ। ਉਨ੍ਹਾਂ ਦਸਿਆ ਕਿ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਗਿ. ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਤੋਂ ਉਨ੍ਹਾਂ ਅੰਮ੍ਰਿਤਪਾਨ ਕੀਤਾ।  ਇਸ ਮੌਕੇ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਪੰਥਕ ਹਿਤਾਂ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ। ਸ਼੍ਰੋਮਣੀ ਕਮੇਟੀ ਨੂੰ ਨਜ਼ਰਬੰਦ ਸਿੰਘਾਂ ਦੀ ਰਿਹਾਈ, 1980 ਤੋਂ ਬਾਅਦ ਸਿੱਖ ਨੌਜਵਾਨਾਂ ਨੂੰ ਜਬਰ ਜ਼ੁਲਮ ਦਾ ਸ਼ਿਕਾਰ ਬਣਾਉਂਦਿਆਂ ਸ਼ਹੀਦ ਕਰਨ ਉਪਰੰਤ ਉਨ੍ਹਾਂ ਦੀ ਲਾਸ਼ਾਂ ਨੂੰ ਲਾਵਾਰਸ ਕਹਿ ਕੇ ਖ਼ੁਰਦ-ਬੁਰਦ ਕਰਨ ਦੇ ਸਬੰਧਤ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ, ਧਰਮੀ ਫ਼ੌਜੀਆਂ ਦੇ ਮਸਲੇ ਹੱਲ ਕਰਨ ਅਤੇ  ਨਵੰਬਰ 84 ਵਿਚ ਕੀਤੇ ਗਏ ਸਿੱਖ ਨਸਲਕੁਸ਼ੀ ਵਰਗੇ ਮੁਦਿਆਂ ਨੂੰ ਕੌਮਾਂਤਰੀ ਪੱਧਰ 'ਤੇ ਉਠਾਏ ਜਾਣ ਪ੍ਰਤੀ ਵੱਡੇ ਯਤਨ ਕਰਨੇ ਚਾਹੀਦੇ ਹਨ।