ਦਮਦਮੀ ਟਕਸਾਲ ਵਲੋਂ ਗੁ: ਥੜ੍ਹਾ ਸਾਹਿਬ ਕੌਮ ਨੂੰ ਅਰਪਿਤ

ਪੰਥਕ, ਪੰਥਕ/ਗੁਰਬਾਣੀ

ਅੰਮ੍ਰਿਤਸਰ, 28 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ): ਦਰਬਾਰ ਸਾਹਿਬ ਵਿਖੇ ਅਕਾਲ ਤਖ਼ਤ ਨਜ਼ਦੀਕ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਸਦੀਵੀ ਯਾਦ 'ਚ ਦਮਦਮੀ ਟਕਸਾਲ ਵਲੋਂ ਉਸਾਰੇ ਗਏ ਗੁਰਦਵਾਰਾ ਥੜ੍ਹਾ ਸਾਹਿਬ  ਦੀ ਕਾਰਸੇਵਾ ਸੰਪੂਰਨ ਹੋਣ 'ਤੇ ਅੱਜ ਸੰਗਤ ਦੇ ਦਰਸ਼ਨ ਦੀਦਾਰੇ ਲਈ ਕੌਮ ਨੂੰ ਅਰਪਤ ਕੀਤਾ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਦਮਦਮੀ ਟਕਸਾਲ ਦੇ ਮੁਖੀ ਸੰਤ ਗਿ. ਹਰਨਾਮ ਸਿੰਘ ਖ਼ਾਲਸਾ ਵਲੋਂ ਜਥੇਦਾਰਾਂ ਦੀ ਮੌਜੂਦਗੀ 'ਚ ਗੁ: ਥੜ੍ਹਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਹਵਾਲੇ ਕੀਤਾ ਗਿਆ। ਇਸ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗ਼ਲਤ ਪ੍ਰਚਾਰ ਰਾਹੀਂ ਸਿੱਖ ਕੌਮ ਵਿਚ ਦੁਬਿਧਾ ਪਾਉਣ ਦੀ ਕੋਸ਼ਿਸ਼ 'ਚ ਲੱਗੇ ਲੋਕਾਂ ਦਾ ਮੂੰਹ ਤੋੜਵਾਂ ਜਵਾਬ ਦਿਤਾ ਜਾਵੇ। 

ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁ: ਥੜ੍ਹਾ ਸਾਹਿਬ ਦੀ ਕਾਰਸੇਵਾ ਤੈਅ ਸਮੇਂ 'ਚ ਮੁਕੰਮਲ ਕਰਨ 'ਤੇ ਟਕਸਾਲ ਨੂੰ ਮੁਬਾਰਕਾਂ ਦਿਤੀਆਂ। ਇਸ ਮੌਕੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿ. ਜਗਤਾਰ ਸਿੰਘ, ਦਿੱਲੀ ਸਿੱਖ ਗੁ: ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਅਤੇ ਭਾਈ ਜਸਵੀਰ ਸਿੰਘ ਖ਼ਾਲਸਾ ਨੇ ਗੁ: ਥੜ੍ਹਾ ਸਾਹਿਬ ਦੇ ਇਤਿਹਾਸ 'ਤੇ ਰੌਸ਼ਨੀ ਪਾਈ। ਇਸ ਮੌਕੇ ਜਥੇਦਾਰਾਂ, ਦਰਬਾਰ ਸਾਹਿਬ ਦੇ ਸਿੰਘ ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ ਵਲੋਂ ਬਾਬਾ ਹਰਨਾਮ ਸਿੰਘ ਖ਼ਾਲਸਾ ਨੂੰ ਸਨਮਾਨਤ ਕੀਤਾ ਗਿਆ।