ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਬਜ਼ੁਰਗਾਂ, ਅਪੰਗਾਂ ਲਈ ਕੁਰਸੀ ਵਾਲੀ ਲਿਫ਼ਟ ਸਥਾਪਤ

ਪੰਥਕ, ਪੰਥਕ/ਗੁਰਬਾਣੀ

ਅੰਮ੍ਰਿਤਸਰ, 3 ਫਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਕਮੇਟੀ, ਵਲੋਂ ਦਰਬਾਰ ਸਾਹਿਬ ਦਰਸ਼ਨ ਦੀਦਾਰ ਕਰਨ ਆਉਣ ਵਾਲੇ ਬਜ਼ੁਰਗ ਤੇ ਅਪੰਗਾਂ ਸ਼ਰਧਾਲੂਆਂ ਲਈ ਕੁਰਸੀ ਲਿਫ਼ਟ ਦੀ ਸ਼ੁਰੂਆਤ ਕੀਤੀ ਗਈ ਹੈ। ਦਰਬਾਰ ਸਾਹਿਬ ਸਥਿਤ ਪੌੜੀਆਂ ਦੇ ਰਸਤੇ ਪਰਿਕਰਮਾ ਵਿਚ ਜਾਣ ਲਈ ਪੇਸ਼ ਆਉਂਦੀਆਂ ਮੁਸ਼ਕਲਾਂ ਹੱਲ ਕਰਨ ਲਈ ਸ਼੍ਰੋਮਣੀ ਕਮੇਟੀ ਵਲੋਂ ਚਾਰ ਦਿਸ਼ਾਵਾਂ 'ਤੇ ਕੁਰਸੀ ਵਾਲੀਆਂ ਲਿਫ਼ਟਾਂ ਲੱਗ ਰਹੀਆਂ ਹਨ। ਤਿੰਨ ਲੱਗ ਚੁੱਕੀਆਂ ਹਨ ਤੇ ਚੌਥੀ ਲਿਫ਼ਟ ਦਾ ਕੰਮ ਚਲ ਰਿਹਾ ਹੈ। ਦਰਬਾਰ ਸਾਹਿਬ ਦੀ 

ਪਰਿਕਰਮਾ ਵਿਚ ਦਾਖ਼ਲ ਹੋਣ ਲਈ ਛੇ ਰਸਤੇ ਹਨ ਜਿਨ੍ਹਾਂ ਵਿਚੋਂ ਚਾਰ ਰਸਤਿਆਂ ਤੋਂ ਪੌੜੀਆਂ ਰਾਹੀਂ ਹੇਠਾਂ ਉਤਰ ਕੇ ਪਰਿਕਰਮਾ ਵਿਚ ਆਉਣਾ ਪੈਂਦਾ ਹੈ। ਇਨ੍ਹਾਂ ਚਾਰ ਮਾਰਗਾਂ ਵਿਚ ਲੰਗਰ ਵਾਲੇ ਪਾਸੇ ਅਤੇ ਅਕਾਲ ਤਖ਼ਤ ਦੇ ਨੇੜੇ ਡਿਉਢੀ 'ਚ ਕੁਰਸੀ ਲਿਫ਼ਟ ਲੱਗ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦਸਿਆ ਕਿ ਇਨ੍ਹਾਂ ਦਾ ਉਦਘਾਟਨ ਛੇਤੀ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਅਗਲੇ ਕੁੱਝ ਦਿਨਾਂ ਤਕ ਚੌਥੀ ਲਿਫ਼ਟ ਵੀ ਸਥਾਪਤ ਹੋ ਜਾਵੇਗੀ ਅਤੇ ਇਸ ਮਗਰੋਂ ਕੁਰਸੀ ਲਿਫ਼ਟਾਂ ਸ਼ਰਧਾਲੂਆਂ ਲਈ ਸ਼ੁਰੂ ਕਰ ਦਿਤੀਆਂ ਜਾਣਗੀਆਂ। ਇਸ ਵੇਲੇ ਇਕ ਲਿਫ਼ਟ ਦੀ ਕੀਮਤ ਲਗਭਗ ਸਵਾ ਲੱਖ ਰੁਪਏ ਹੈ।