ਅੰਮ੍ਰਿਤਸਰ, 24 ਨਵੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਦਰਬਾਰ ਸਾਹਿਬ ਲਈ 'ਵਰਲਡ ਬੁੱਕ ਆਫ਼ ਰੀਕਾਰਡਜ਼', ਲੰਡਨ ਵਲੋਂ 'ਮੋਸਟ ਵਿਜ਼ਿਟਡ ਪਲੇਸ ਆਫ ਦਾ ਵਰਲਡ' ਐਵਾਰਡ ਸ਼੍ਰੋਮਣੀ ਕਮੇਟੀ ਨੂੰ ਭੇਂਟ ਕੀਤਾ ਗਿਆ। ਇਹ ਐਵਾਰਡ ਦੇਸ਼-ਵਿਦੇਸ਼ਾਂ ਤੋਂ ਵੱਖ-ਵੱਖ ਧਰਮਾਂ, ਜਾਤਾਂ ਦੇ ਸ਼ਰਧਾਲੂਆਂ ਦੀ ਸੱਭ ਤੋਂ ਵੱਧ ਆਮਦ ਵਾਲਾ ਧਾਰਮਕ ਅਸਥਾਨ ਹੋਣ ਲਈ ਦਿਤਾ ਗਿਆ ਹੈ। ਇਹ ਐਵਾਰਡ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ ਵਲੋਂ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਲੰਡਨ ਤੋਂ ਆਏ ਬੀਬੀ ਸੁਰਭੀ ਕੌਲ ਜਨਰਲ ਸੈਕਟਰੀ ਤੇ ਰਨਦੀਪ ਸਿੰਘ ਕੋਹਲੀ ਪੰਜਾਬ ਪ੍ਰਧਾਨ ਦੀ ਟੀਮ ਪਾਸੋਂ ਪ੍ਰਾਪਤ ਕੀਤਾ। ਮੁੱਖ ਸਕੱਤਰ ਡਾ. ਰੂਪ ਸਿੰਘ ਵਲੋਂ ਬੀਬੀ ਸੁਰਭੀ ਕੌਲ, ਰਨਦੀਪ ਸਿੰਘ ਕੋਹਲੀ, ਸ੍ਰੀ ਗੌਰਵ ਆਨੰਦ, ਕੈਪਟਨ ਅਭੀਨਵ ਗਰਗ, ਸ੍ਰੀ ਸਾਗਰ ਕਪੂਰ ਤੇ ਸ੍ਰੀ ਮਿਨੀ ਕੋਹਲੀ ਨੂੰ ਸਨਮਾਨਤ ਵੀ ਕੀਤਾ ਗਿਆ। ਡਾ ਰੂਪ ਸਿੰਘ ਮੁਤਾਬਕ ਦਰਬਾਰ ਸਾਹਿਬ ਵਿਸ਼ਵ ਦਾ ਇਕੱਲਾ ਅਜਿਹਾ ਧਾਰਮਕ ਅਸਥਾਨ ਹੈ
ਜਿਥੇ ਮਾਨਵਤਾ ਦੀ ਸੇਵਾ, ਹਰ ਵੇਲੇ ਹੁੰਦੀ ਸਰਬੱਤ ਦੇ ਭਲੇ ਦੀ ਅਰਦਾਸ, ਗੁਰਬਾਣੀ ਦਾ ਅਮੋਲਕ ਉਪਦੇਸ਼, ਸੰਗਤ ਲਈ ਕੀਤੇ ਜਾਂਦੇ ਵੱਡੇ ਪ੍ਰਬੰਧ, ਸਾਫ਼-ਸਫ਼ਾਈ, ਮਨੁੱਖੀ ਬਰਾਬਰਤਾ ਅਤੇ ਹਰ ਧਰਮ, ਜਾਤ-ਪਾਤ, ਨਸਲ, ਰੰਗ ਦੇ ਲੋਕਾਂ ਨੂੰ ਬਿਨਾਂ ਕਿਸੇ ਭੇਦ ਭਾਵ ਦੇ ਛਕਾਇਆ ਜਾਂਦਾ ਅਤੁੱਟ ਲੰਗਰ ਅਪਣੇ ਆਪ ਵਿਚ ਸਦੀਆਂ ਤੋਂ ਵਿਸ਼ਵ ਰੀਕਾਰਡ ਬਣਾ ਰਿਹਾ ਹੈ। ਇਸ ਦੀ ਵਿਲੱਖਣਤਾ ਹੀ ਦੁਨੀਆਂ ਭਰ ਦੇ ਲੋਕਾਂ ਅੰਦਰ ਇਥੇ ਆਉਣ ਲਈ ਖਿੱਚ ਪੈਦਾ ਕਰਦੀ ਹੈ। ਇਸ ਮੌਕੇ ਬੀਬੀ ਸੁਰਭੀ ਕੌਲ ਤੇ ਰਨਦੀਪ ਸਿੰਘ ਕੋਹਲੀ ਨੇ ਕਿਹਾ ਕਿ ਸਾਡਾ ਮਕਸਦ ਮੁੱਖ ਅਸਥਾਨਾਂ ਦੀ ਮਹਾਨਤਾ ਦਾ ਪ੍ਰਚਾਰ ਦੁਨੀਆਂ ਦੇ ਹਰ ਕੋਨੇ ਵਿਚ ਕਰਨਾ ਹੈ ਤਾਕਿ ਵਿਸ਼ਵ ਭਰ ਦੇ ਲੋਕਾਂ ਨੂੰ ਵੀ ਅਜਿਹੇ ਮਾਨਵ ਭਲਾਈ ਅਸਥਾਨਾਂ ਤੋਂ ਪ੍ਰੇਰਨਾ ਮਿਲ ਸਕੇ।