ਦਸਮ ਗ੍ਰੰਥ ਦਾ ਹੱਲ 'ਜਥੇਦਾਰ' ਅਕਾਲ ਤਖ਼ਤ ਖ਼ੁਦ ਵਿਦਵਾਨਾਂ ਦੀ ਕਮੇਟੀ ਦਾ ਗਠਨ ਕਰ ਕੇ ਕਰਨ : ਸਰਨਾ

ਪੰਥਕ, ਪੰਥਕ/ਗੁਰਬਾਣੀ

ਐਸ ਏ ਐਸ ਨਗਰ, 24 ਸਤੰਬਰ (ਪਰਦੀਪ ਸਿੰਘ ਹੈਪੀ, ਸੁਖਦੀਪ ਸਿੰਘ ਸੋਈ): ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸੋਸ਼ਲ ਮੀਡੀਆ 'ਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਦੀ ਪਾਈ ਵੀਡੀਉ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੰਥਕ ਮਸਲਿਆਂ ਦੇ ਹੱਲ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ 'ਤੇ ਨਿਰਭਰ ਨਹੀਂ ਹੋਣਾ ਚਾਹੀਦਾ ਤੇ ਦਸਮ ਗ੍ਰੰਥ ਬਾਰੇ ਫ਼ੈਸਲਾ ਲੈਣ ਲਈ ਖ਼ੁਦ ਵਿਦਵਾਨਾਂ ਦੀ ਕਮੇਟੀ ਬਣਾਉਣੀ ਚਾਹੀਦੀ ਹੈ ਤਾਂ ਕਿ ਸੰਗਤਾਂ ਵਿਚ ਪਾਈ ਜਾਂਦੀ ਦੁਬਿਧਾ ਖ਼ਤਮ ਕੀਤੀ ਜਾ ਸਕੇ।
ਜਾਰੀ ਇਕ ਬਿਆਨ ਰਾਹੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਦਸਮ ਗਰੰਥ ਸਬੰਧੀ ਸੋਸ਼ਲ ਮੀਡੀਆ 'ਤੇ ਇਕ ਵੀਡੀਉ ਪਾਈ ਹੈ ਜਿਸ ਵਿਚ ਉਨ੍ਹਾਂ ਨੇ ਸਪੱਸ਼ਟ ਕਿਹਾ ਹੈ ਕਿ ਸੰਗਤਾਂ ਦਸਮ ਗ੍ਰੰਥ ਦੇ ਵਿਵਾਦ ਬਾਰੇ ਆਵਾਜ਼ ਬੁਲੰਦ ਕਰਨ ਤਾਂ ਹੀ ਕੋਈ ਅਗਲੇਰੀ ਕਾਰਵਾਈ ਹੋ ਸਕਦੀ ਹੈ ਪਰ ਦਸਮ ਗ੍ਰੰਥ ਦਾ ਪ੍ਰਕਾਸ਼ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਕਿਸੇ ਵੀ ਗੁਰਦਵਾਰੇ ਵਿਚ ਨਹੀਂ ਹੁੰਦਾ ਤੇ ਵਿਸ਼ੇਸ਼ ਕਰ ਕੇ ਅਕਾਲ ਤਖ਼ਤ ਸਾਹਿਬ 'ਤੇ ਕਦੇ ਵੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਡੀਉ ਵਿਚ 'ਜਥੇਦਾਰ' ਨੇ ਕਿਹਾ ਕਿ ਦਸਮ ਗ੍ਰੰਥ ਦਾ ਮਸਲਾ ਹੱਲ ਕਰਨ ਲਈ ਅਕਾਲ ਤਖ਼ਤ ਸਾਹਿਬ ਤੋਂ ਤਿੰਨ ਪੱਤਰ ਸ਼੍ਰੋਮਣੀ ਕਮੇਟੀ ਨੂੰ ਲਿਖੇ ਜਾ ਚੁੱਕੇ ਹਨ ਕਿ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਤੁਰਤ ਇਕ ਵਿਦਵਾਨਾਂ ਦੀ ਕਮੇਟੀ ਬਣਾਈ ਜਾਵੇ ਜਿਹੜੀ ਇਸ ਸਬੰਧੀ ਫ਼ੈਸਲਾ ਕਰ ਕੇ ਅਕਾਲ ਤਖ਼ਤ ਸਾਹਿਬ ਨੂੰ ਭੇਜੇ ਤੇ ਉਸ ਉਪਰ 'ਜਥੇਦਾਰਾਂ' ਦੀ ਮੀਟਿੰਗ ਵਿਚ ਫ਼ੈਸਲਾ ਲੈ ਕੇ ਸੰਗਤਾਂ ਨੂੰ ਦਿਸ਼ਾ ਨਿਰਦੇਸ਼ ਦਿਤੇ ਜਾ ਸਕਣ।
'ਜਥੇਦਾਰ' ਨੇ ਕਿਹਾ ਹੈ ਕਿ ਪੰਜਾਬ ਤੋਂ ਬਾਹਰਲੇ ਦੋ ਤਖ਼ਤ ਬ੍ਰਾਹਮਣੀ ਵਿਚਾਰਧਾਰਾ ਨਾਲ ਸਬੰਧਤ ਹਨ ਤੇ ਵਿਦਵਾਨਾਂ ਦਾ ਫ਼ੈਸਲਾ ਤਾਂ ਸੱਭ ਨੂੰ ਮੰਨਣਾ ਹੀ ਪਵੇਗਾ। ਦਸਮ ਗ੍ਰੰਥ ਸਬੰਧੀ ਇਸ ਵੇਲੇ ਸਿੱਖ ਤਿੰਨ ਧੜਿਆਂ ਵਿਚ ਵੰਡੇ ਹੋਏ ਹਨ। ਇਕ ਧੜੇ ਵਾਲੇ ਕਹਿੰਦੇ ਹਨ ਕਿ ਦਸਮ ਗ੍ਰੰਥ ਗੁਰੂ ਸਾਹਿਬ ਦੀ ਰਚਨਾ ਹੈ ਤੇ ਇਸ ਦਾ ਪ੍ਰਕਾਸ਼ ਕੀਤਾ ਜਾਣਾ ਚਾਹੀਦਾ ਹੈ, ਜਦਕਿ ਇਕ ਧਿਰ ਦੇ ਲੋਕ ਕਹਿੰਦੇ ਹਨ ਕਿ ਇਹ ਕਵੀਆਂ ਦੀ ਰਚਨਾ ਹੈ ਇਸ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਨਹੀਂ ਕੀਤਾ ਜਾ ਸਕਦਾ।
ਪਰਮਜੀਤ ਸਿੰਘ ਸਰਨਾ ਨੇ ਜਥੇਦਾਰ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਦੇ ਫ਼ੈਸਲੇ ਨਾਲ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਕ ਪ੍ਰਬੰਧਕੀ ਸੰਸਥਾ ਹੈ ਪਰ ਸਿੱਖਾਂ ਦੇ ਧਾਰਮਕ ਫ਼ੈਸਲੇ ਅਕਾਲ ਤਖ਼ਤ ਸਾਹਿਬ ਤੋਂ ਹੀ ਲਏ ਜਾਂਦੇ ਰਹੇ ਹਨ ਅਤੇ 'ਜਥੇਦਾਰ' ਨੂੰ ਅਪੀਲ ਹੈ ਕਿ ਉਹ ਬਾਦਲ ਮਾਰਕਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਲ ਨਾ ਵੇਖਣ ਸਗੋਂ ਅਕਾਲ ਤਖ਼ਤ ਸਾਹਿਬ ਤੋਂ ਉਸੇ ਤਰ੍ਹਾਂ ਹੀ ਇਕ ਕਮੇਟੀ ਦਾ ਗਠਨ ਕਰਨ ਦੀ ਜੁਅੱਰਤ ਕਰਨ ਜਿਸ ਤਰ੍ਹਾਂ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਨਾਨਕਸ਼ਾਹੀ ਕੈਲੰਡਰ ਤੇ ਇਕ ਕਮੇਟੀ ਬਣਾ ਕੇ ਅਕਾਲ ਤਖ਼ਤ ਸਾਹਿਬ ਤੋਂ ਹੀ ਫ਼ੈਸਲਾ ਲਿਆ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਉਨ੍ਹਾਂ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਣ ਲਈ ਤਿਆਰ ਹੈ ਤੇ ਉਨ੍ਹਾਂ ਦੇ ਜਜ਼ਬਾਤਾਂ ਦੀ ਕਦਰ ਕਰਦਾ ਹੈ।