ਦਸਮ ਗੁਰੂ ਦਾ ਸਵਾਂਗ ਰਚਣ ਦਾ ਮਾਮਲਾ ਮੁੜ ਖੋਲ੍ਹਣ ਲਈ ਸ਼ਿਕਾਇਤਕਰਤਾ ਨੇ ਖਿੱਚੀ ਤਿਆਰੀ

ਪੰਥਕ, ਪੰਥਕ/ਗੁਰਬਾਣੀ

ਬਠਿੰਡਾ, 1 ਸਤੰਬਰ (ਸੁਖਜਿੰਦਰ ਮਾਨ): ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ਾਂ ਹੇਠ ਜੇਲ 'ਚ ਬੰਦ ਸੌਦਾ ਸਾਧ ਦੀਆਂ ਮੁਸ਼ਕਲਾਂ 'ਚ ਵਾਧਾ ਹੋਣ ਲਗਾ ਹੈ। 13 ਮਈ 2007 ਨੂੰ ਪੰਜਾਬ ਦੇ ਸੱਭ ਤੋਂ ਵੱਡੇ ਡੇਰੇ ਸਲਾਬਤਪੁਰਾ 'ਚ ਸਿੱਖਾਂ ਦੇ ਦਸਮ ਗੁਰੂ ਸ੍ਰੀ ਗੋਬਿੰਦ ਸਿੰਘ ਵਾਂਗ ਪੋਸ਼ਾਕ ਪਹਿਨ ਕੇ ਅੰਮ੍ਰਿਤ ਦਾਤ ਦੀ ਤਰ੍ਹਾਂ ਜਾਮ-ਏ-ਇੰਸਾਂ ਪਿਲਾਉਣ ਵਾਲੇ ਸੌਦਾ ਸਾਧ ਵਿਰੁਧ ਬਠਿੰਡਾ 'ਚ ਦਰਜ ਕੇਸ ਨੂੰ ਅਕਾਲੀ ਸਰਕਾਰ ਦੁਆਰਾ ਰੱਦ ਕਰਵਾਉਣ ਦੇ ਮਾਮਲੇ ਨੂੰ ਸ਼ਿਕਾਇਤਕਰਤਾ ਨੇ ਮੁੜ ਚੁਨੌਤੀ ਦੇਣ ਦੀ ਤਿਆਰੀ ਖਿੱਚ ਲਈ ਹੈ।
ਦੋ ਵਾਰ ਬਠਿੰਡਾ ਸ਼ਹਿਰ ਤੋਂ ਚੁਣੇ ਗਏ ਅਕਾਲੀ ਕੌਂਸਲਰ ਰਜਿੰਦਰ ਸਿੰਘ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਪਿਛਲੀ ਸਰਕਾਰ 'ਚ ਦਬਾਅ ਕਾਰਨ ਉਹ ਸੌਦਾ ਸਾਧ ਵਿਰੁਧ ਦਰਜ ਕੇਸ ਨੂੰ ਅੱਗੇ ਚਲਾਉਣ ਲਈ ਚੁੱਪ ਰਿਹਾ। ਉਨ੍ਹਾਂ ਦਾਅਵਾ ਕੀਤਾ ਹੈ ਕਿ ਹੁਣ ਉਹ ਅਪਣੀ ਜ਼ਮੀਰ ਦੇ ਆਧਾਰ 'ਤੇ ਇਸ ਕੇਸ ਨੂੰ ਮੁੜ ਖੁਲਵਾ ਕੇ ਸਿੱਖਾਂ ਦੀਆਂ ਭਾਵਨਾਵਾਂ ਭੜਕਾਉਣ ਦੇ ਮਾਮਲੇ 'ਚ ਅਦਾਲਤ ਤੋਂ ਸ਼ਜਾ ਦਿਵਾ ਕੇ ਰਹੇਗਾ। ਇਸ ਸਬੰਧ ਵਿਚ ਭਾਈ ਸਿੱਧੂ ਵਲੋਂ ਭਲਕੇ ਐਸ.ਐਸ.ਪੀ ਬਠਿੰਡਾ ਨੂੰ ਤਤਕਾਲੀ ਪੁਲਿਸ ਅਧਿਕਾਰੀਆਂ ਵਲੋਂ ਰੱਦ ਕਰਵਾਏ ਕੇਸ ਦੀ ਮੁੜ ਜਾਂਚ ਕਰਨ ਲਈ ਲਿਖਤੀ ਅਪੀਲ ਕੀਤੀ ਜਾਵੇਗੀ।
ਗੌਰਤਲਬ ਹੈ ਕਿ ਸੌਦਾ ਸਾਧ ਵਲੋਂ ਦਸਮ ਗੁਰੂ ਦਾ ਸਵਾਂਗ ਰਚਣ ਦੇ ਮਾਮਲੇ 'ਚ ਰਜਿੰਦਰ ਸਿੰਘ ਸਿੱਧੂ ਵਲੋਂ 20 ਮਈ 2007 ਨੂੰ ਬਠਿੰਡਾ ਦੇ ਕੋਤਵਾਲੀ ਪੁਲਿਸ ਸਟੇਸ਼ਨ ਵਿਖੇ ਧਾਰਾ 295 ਏ ਤਹਿਤ ਗੁਰਮੀਤ ਰਾਮ ਰਹੀਮ ਵਿਰੁਧ ਕੇਸ ਦਰਜ ਕਰਵਾਇਆ ਸੀ। ਪੰ੍ਰਤੂ ਅਕਾਲੀ ਸਰਕਾਰ ਨੇ ਨਿਯਮਾਂ ਤਹਿਤ ਤਿੰਨ ਸਾਲਾਂ ਵਿਚ ਇਸ ਕੇਸ 'ਚ ਅਦਾਲਤ ਅੰਦਰ ਚਲਾਨ ਹੀ ਪੇਸ਼ ਨਹੀਂ ਕੀਤਾ। ਹੈਰਾਨੀ ਵਾਲੀ ਗੱਲ ਇਹ ਵੀ ਰਹੀ ਕਿ 30 ਜਨਵਰੀ 2012 ਨੂੰ ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਪੈਣ ਤੋਂ ਮਹਿਜ਼ ਤਿੰਨ ਦਿਨ ਪਹਿਲਾਂ 27 ਜਨਵਰੀ ਨੂੰ ਪੰਥਕ ਸਰਕਾਰ ਨੇ ਪ੍ਰੇਮੀਆਂ ਦੀਆਂ ਵੋਟਾਂ ਲੈਣ ਲਈ ਸੌਦਾ ਸਾਧ ਵਿਰੁਧ ਦਰਜ ਕੇਸ ਨੂੰ ਰੱਦ ਕਰਨ ਲਈ ਤਤਕਾਲੀ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਹਰਜੀਤ ਸਿੰਘ ਖ਼ਾਲਸਾ ਦੀ ਅਦਾਲਤ ਵਿਚ ਅਰਜ਼ੀ ਦਾਇਰ ਕਰ ਦਿਤੀ। ਇਸ ਅਰਜੀ ਨਾਲ ਹੀ ਸ਼ਿਕਾਇਤਕਰਤਾ ਭਾਈ ਰਜਿੰਦਰ ਸਿੰਘ ਸਿੱਧੂ ਦਾ ਇਕ ਜਾਅਲੀ ਹਲਫ਼ੀਆ ਬਿਆਨ ਲਗਾ ਦਿਤਾ ਜਿਸ ਵਿਚ ਉਸ ਵਲੋਂ ਦਾਅਵਾ ਕੀਤਾ ਗਿਆ ਕਿ ਉਹ ਸੌਦਾ ਸਾਧ ਵਲੋਂ ਦਸਮ ਗੁਰੂ ਦਾ ਸਵਾਂਗ ਰਚਣ ਮੌਕੇ ਕੋਲ ਨਹੀਂ ਸੀ ਤੇ ਉਸ ਨੇ ਸਿਰਫ਼ ਇਸ ਬਾਰੇ ਅਖ਼ਬਾਰਾਂ ਵਿਚ ਹੀ ਪੜ੍ਹਿਆ ਸੀ। ਹਾਲਾਂਕਿ ਇਸ ਹਲਫ਼ੀਆ ਬਿਆਨ ਬਾਰੇ ਸਪੋਕਸਮੈਨ ਵਲੋਂ ਕੀਤੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਬਠਿੰਡਾ 'ਚ ਅੱਧੀ ਦਰਜਨ ਜ਼ਿਲ੍ਹਿਆਂ ਦੇ ਇਕ ਉਚ ਪੁਲਿਸ ਅਧਿਕਾਰੀ ਵਲੋਂ ਉਕਤ ਸ਼ਿਕਾਇਤਕਰਤਾ ਨੂੰ ਇਕ ਹਿੰਦੂ ਅਕਾਲੀ ਆਗੂ ਦੇ ਨਾਲ ਪਿੰਡ ਬਾਦਲ ਲਿਜਾ ਕੇ ਕੇਸ ਵਾਪਸ ਲੈਣ ਲਈ ਮਨਾਇਆ ਸੀ ਪ੍ਰੰਤੂ ਉਸ ਵਲੋਂ ਸਪੱਸ਼ਟ ਜਵਾਬ ਦੇਣ 'ਤੇ ਉਸ ਦੇ ਨਾਮ 'ਤੇ ਸ਼ਹਿਰ ਦੇ ਇਕ ਪ੍ਰਾਪਟੀ ਡੀਲਰ ਵਲੋਂ ਹਲਫ਼ੀਆ ਬਿਆਨ ਖ਼ਰੀਦ ਕੇ ਉਸ ਨੂੰ ਉਕਤ ਪੁਲਿਸ ਅਧਿਕਾਰੀ ਦੇ ਦਫ਼ਤਰ 'ਚ ਹੀ ਤਿਆਰ ਕਰਵਾ ਕੇ ਕਥਿਤ ਤੌਰ 'ਤੇ ਜਾਅਲੀ ਦਸਤਖ਼ਤਾਂ ਨਾਲ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ।
ਸ਼ਿਕਾਇਤਕਰਤਾ ਰਜਿੰਦਰ ਸਿੰਘ ਸਿੱਧੂ ਵਲੋਂ ਅਦਾਲਤ ਵਿਚ ਪੇਸ਼ ਹੋ ਕੇ ਕੇਸ ਵਾਪਸ ਲੈਣ ਬਾਰੇ ਅਪਣੀ ਨਾ ਸਹਿਮਤੀ ਜ਼ਾਹਰ ਕਰਨ ਤੋਂ ਬਾਅਦ ਅਦਾਲਤ ਨੇ ਸੌਦਾ ਸਾਧ ਨੂੰ ਸੰਮਨ ਕਰ ਲਿਆ ਸੀ। ਹਾਲਾਂਕਿ ਬਾਅਦ ਵਿਚ ਉਕਤ ਜੱਜ ਦੀ ਬਦਲੀ ਹੋਣ ਤੋਂ ਬਾਅਦ ਸਾਲ 2014 ਵਿਚ ਅਕਾਲੀ ਸਰਕਾਰ ਸੌਦਾ ਸਾਧ ਵਿਰੁਧ ਦਰਜ ਕੇਸ ਨੂੰ ਰੱਦ ਕਰਵਾਉਣ ਵਿਚ ਸਫ਼ਲ ਰਹੀ ਸੀ। ਸੂਤਰਾਂ ਅਨੁਸਾਰ ਅਕਾਲੀ ਸਰਕਾਰ ਦਾ ਭੈਅ ਹੋਣ ਕਾਰਨ ਸ਼ਿਕਾਇਤਕਰਤਾ ਵੀ ਚੁੱਪ ਰਿਹਾ ਪ੍ਰੰਤੁ ਹੁਣ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਲੋਂ ਸੌਦਾ ਸਾਧ ਨੂੰ ਸੁਣਾਈ ਸਜ਼ਾ ਤੋਂ ਉਤਸ਼ਾਹਤ ਹੋ ਕੇ ਉਸ ਨੇ ਇਸ ਕੇਸ ਨੂੰ ਮੁੜ ਚੁਕਣ ਦਾ ਫ਼ੈਸਲਾ ਲਿਆ ਹੈ। ਰਜਿੰਦਰ ਸਿੰਘ ਸਿੱਧੂ ਨੇ ਅੱਜ ਇਸ ਮੁੱਦੇ 'ਤੇ ਗੱਲ ਕਰਦੇ ਹੋਏ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ਦੀ ਵੀ ਮੰਗ ਕਰਨਗੇ ਕਿ ਅਦਾਲਤ ਵਿਚ ਉਨ੍ਹਾਂ ਵਲੋਂ ਦਿਤੇ ਹਲਫ਼ੀਆ ਬਿਆਨ ਦੀ ਵੀ ਉਚ ਪਧਰੀ ਜਾਂਚ ਹੋਣੀ ਚਾਹੀਦੀ ਹੈ।
ਗੌਰਤਲਬ ਹੈ ਕਿ ਲੰਘੀ 15 ਜੁਲਾਈ ਨੂੰ ਬਠਿੰਡਾ ਪੁਲਿਸ ਇਕ ਜੂਨੀਅਰ ਅਧਿਕਾਰੀ ਦੀ ਜਾਂਚ ਤੋਂ ਬਾਅਦ ਸੌਦਾ ਸਾਧ ਦੇ ਨਜ਼ਦੀਕੀ ਵੱਡੇ ਪ੍ਰੇਮੀਆਂ ਵਿਰੁਧ ਥਾਣਾ ਕੋਤਵਾਲੀ ਵਿਚ ਦਰਜ ਦੋ ਮੁਕੱਦਮਿਆਂ 254 ਅਤੇ 255 ਵਿਚ ਵੀ ਦਰਜਨਾਂ ਪ੍ਰੇਮੀਆਂ ਨੂੰ ਬੇਗੁਨਾਹ ਕਰਾਰ ਦੇਣ ਲਈ ਅਦਾਲਤ ਵਿਚ ਅਰਜ਼ੀ ਦਾਇਰ ਕੀਤੀ ਹੋਈ ਹੈ ਜਿਸ ਉਪਰ ਅਦਾਲਤ ਨੇ ਅਗਲੀ 7 ਅਕਤੂਬਰ ਨੂੰ ਇਨ੍ਹਾਂ ਕੇਸਾਂ ਦੇ ਮੁਦਈ ਪੁਲਿਸ ਅਧਿਕਾਰੀ ਨੂੰ ਤਲਬ ਕੀਤਾ ਹੈ।