ਦਸੂਹਾ-ਹੁਸ਼ਿਆਰਪੁਰ ਮਾਰਗ 'ਤੇ '2020 ਰਿਫ਼ਰੈਂਡਮ' ਵਾਲੀ ਵਾਲ ਪੇਂਟਿੰਗ ਤੋਂ ਪੁਲਿਸ ਅਣਜਾਣ

ਪੰਥਕ, ਪੰਥਕ/ਗੁਰਬਾਣੀ



ਗੜ੍ਹਦੀਵਾਲਾ, 10 ਸਤੰਬਰ (ਹਰਪਾਲ ਸਿੰਘ): ਅਣਪਛਾਤੇ ਲੋਕਾਂ ਵਲੋਂ ਦਸੂਹਾ ਹੁਸ਼ਿਆਰਪੁਰ ਮਾਰਗ 'ਤੇ ਪਂੈਦੇ ਸਰਕਾਰੀ ਸਕੂਲ ਭਾਨਾ ਕੋਲ ਮੁੱਖ ਮਾਰਗ 'ਤੇ ਬਣੇ ਪੁਲ ਦੀਆਂ ਦੀਵਾਰਾਂ 'ਤੇ ਹੋਈ '2020 ਰਿਫ਼ਰੈਂਡਮ ਅਜ਼ਾਦੀ ਹੀ ਹੱਲ (ਪਿੰਡ ਭਾਨਾ)' ਵਾਲ ਪੇਟਿੰਗ ਤੋਂ ਪੁਲਿਸ ਪ੍ਰਸ਼ਾਸਨ ਅਣਜਾਣ ਬਣਿਆ ਬੈਠਾ ਹੈ। ਇਹ ਸਲੋਗਨ ਵਖਰੇ ਸਿੱਖ ਰਾਜ ਦੀ ਮੰਗ ਕਰਨ ਵਾਲੀਆਂ ਜਥੇਬੰਦੀਆਂ ਵਲੋਂ ਤਿਆਰ ਕੀਤਾ ਦਸਿਆ ਜਾ ਰਿਹਾ ਹੈ ਜਿਸ ਅਨੁਸਾਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ 2020 ਵਿਚ ਪੰਜਾਬ ਨੂੰ ਵਖਰੇ ਸਿੱਖ ਰਾਜ ਵਲੋਂ ਮਾਨਤਾ ਦੇਣ ਲਈ ਕੇਂਦਰ ਸਰਕਾਰ ਰਾਇਸ਼ੁਮਾਰੀ ਕਰਵਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ (ਅ) ਆਗੂ ਇਸ ਨੂੰ ਗੁਮਰਾਹਕੁਨ ਪ੍ਰਚਾਰ ਦਸ ਰਹੇ ਹਨ, ਜਦੋਂ ਕਿ ਸਬੰਧਤ ਖੇਤਰ ਵਾਲੀ ਗੜ੍ਹਦੀਵਾਲਾ ਪੁਲਿਸ ਇਸ ਤੋਂ ਅਣਜਾਣ ਹੈ।

ਬੀਤੇ ਕੁੱਝ ਦਿਨਾਂ ਤੋਂ ਦਸੂਹਾ-ਹੁਸ਼ਿਆਰਪੁਰ ਮਾਰਗ 'ਤੇ ਪੈਂਦੇ ਰੰਧਾਵਾ ਅੱਡਾ ਤੋਂ ਕੁੱਝ ਦੂਰੀ 'ਤੇ ਪੈਂਦੇ ਸਰਕਾਰੀ ਹਾਈ ਸਕੂਲ ਭਾਨਾ ਨੇੜਲੇ ਮੁੱਖ ਮਾਰਗ ਦੇ ਪੁਲ 'ਤੇ ਵਖਰੇ ਸਿੱਖ ਰਾਜ ਦੀ ਮੰਗ ਸਬੰਧੀ ਵਾਲ ਪੇਂਟਿੰਗ ਕੀਤੀ ਹੋਈ ਹੈ। ਉਕਤ ਪੁਲ 'ਤੇ  '2020 ਰਿਫ਼ਰੈਂਡਮ ਆਜ਼ਾਦੀ ਹੀ ਹੱਲ (ਪਿੰਡ ਭਾਨਾ)' ਲਿਖਿਆ ਹੋਇਆ ਹੈ। ਇਸ ਨੂੰ ਕਥਿਤ ਵਖਰੇ ਸਿੱਖ ਰਾਜ ਭਾਵ ਖ਼ਾਲਿਸਤਾਨ ਦੀ ਮੰਗ ਕਰਨ ਵਾਲੀਆਂ ਸਿੱਖ ਜਥੇਬੰਦੀਆਂ ਦਾ ਸਲੋਗਨ ਮੰਨਿਆ ਜਾ ਰਿਹਾ ਹੈ ਅਤੇ ਅਜਿਹੇ ਪ੍ਰਚਾਰ 'ਤੇ ਸੂਬੇ ਦੀ ਕਾਂਗਰਸ ਸਰਕਾਰ ਨੇ ਰੋਕ ਲਗਾਈ ਹੋਈ ਹੈ।

ਸ਼੍ਰੋਮਣੀ ਅਕਾਲੀ ਦਲ (ਅ) ਦੇ ਸੀਨੀਅਰ ਆਗੂ ਮਾਸਟਰ ਕੁਲਦੀਪ ਸਿੰਘ ਮਸੀਤੀ, ਹਰਜਿੰਦਰ ਸਿੰਘ ਪੰਡੋਰੀ ਅਟਵਾਲ ਤੇ ਯੂਥ ਆਗੂ ਸੰਦੀਪ ਸਿੰਘ ਖ਼ਾਲਸਾ ਨੇ ਕਿਹਾ ਕਿ ਸਿੱਖ ਜਥੇਬੰਦੀਆ ਨੂੰ ਅਜਿਹੇ ਪੋਸਟਰ ਜਾਂ ਵਾਲ ਪੇਂਟਿੰਗ ਕਰ ਕੇ ਸਿੱਖ ਕੌਮ ਨੂੰ ਗੁਮਰਾਹ ਨਹੀਂ ਕਰਨਾ ਚਾਹੀਦਾ ਅਤੇ ਕੇਂਦਰ ਸਰਕਾਰ ਕਦੇ ਵੀ ਇਹ ਰਾਇਸ਼ੁਮਾਰੀ ਨਹੀਂ ਹੋਣ ਦੇਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਅਜਿਹਾ ਕਰਨ ਵਾਲੀਆਂ ਸਿੱਖ ਜਥੇਬੰਦੀਆਂ ਸਿੱਖ ਕੌਮ ਨੂੰ ਗੁਮਰਾਹ ਕਰਨ ਦੀ ਥਾਂ ਖ਼ਾਲਿਸਤਾਨ ਦੀ ਮੰਗ ਲਈ ਲਗਾਤਾਰ ਠੋਸ ਸੰਘਰਸ਼ ਕਰ ਰਹੀ ਸ਼੍ਰੋਮਣੀ ਅਕਾਲੀ ਦਲ (ਅ) ਸਮੇਤ ਖ਼ਾਲਿਸਤਾਨ ਪੱਖੀ ਹੋਰ ਸਿੱਖ ਜਥੇਬੰਦੀਆਂ ਨਾਲ ਮਿਲ ਕੇ ਵਖਰੇ ਸਿੱਖ ਰਾਜ ਦੀ ਮੰਗ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ।

ਐਸਐਚਓ ਗੜ੍ਹਦੀਵਾਲਾ ਜਸਕੰਵਲ ਸਿੰਘ ਸਹੋਤਾ ਨੇ ਇਸ ਤੋਂ ਅਣਜਾਣਤਾ ਪ੍ਰਗਟ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਨਗੇ ਅਤੇ ਅਜਿਹੀ ਵਾਲ ਪੇਂਟਿੰਗ ਜਾਂ ਪੋਸਟਰ ਲੱਗਣ ਤੋਂ ਰੋਕਣ ਲਈ ਠੋਸ ਯਤਨ ਕੀਤੇ ਜਾਣਗੇ।