ਡੇਰਾਵਾਦ ਧਾਰਮਕ ਸੰਸਥਾਵਾਂ ਨਾ ਹੋ ਕੇ ਅਤਿਵਾਦ ਦੇ ਅੱਡੇ: ਭਾਈ ਪੰਥਪ੍ਰੀਤ ਸਿੰਘ

ਪੰਥਕ, ਪੰਥਕ/ਗੁਰਬਾਣੀ


ਕੋਟਕਪੂਰਾ, 29 ਅਗੱਸਤ (ਗੁਰਿੰਦਰ ਸਿੰਘ): ਭਾਰਤ ਵਿਚ ਫੈਲਿਆ ਡੇਰਾਵਾਦ ਕੋਈ ਧਾਰਮਕ ਸੰਸਥਾਵਾਂ ਨਹੀਂ ਸਗੋ ਅਤਿਵਾਦ ਦੇ ਅੱਡੇ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਮੌਜੂਦਾ ਚੱਲ ਰਹੇ ਸੌਦਾ ਸਾਧ ਦੇ ਮਾਮਲੇ 'ਤੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਸੀ ਸੰਗਤ ਨੂੰ ਪਿਛਲੇ ਕਰੀਬ 15 ਸਾਲਾਂ ਤੋ ਸੁਚੇਤ ਕਰ ਰਹੇ ਹਾਂ ਕਿ ਸੰਗਤ ਸਮੂਹ ਡੇਰੇਦਾਰਾਂ ਅਤੇ ਸਾਧਾਂ ਤੋਂ ਕਿਨਾਰਾ ਕਰ ਕੇ ਸਿਰਫ਼ ਸ਼ਬਦ ਗੁਰੂ ਦੇ ਲੜ ਲੱਗ ਕੇ ਹੀ ਆਰਥਕ ਅਤੇ ਮਾਨਸਿਕ ਪੱਖੋਂ ਸ਼ਿਕਾਰ ਹੋਣ ਤੋਂ ਬਚ ਸਕਦੀਆਂ ਹਨ।
ਉਨ੍ਹਾਂ ਦਾਅਵਾ ਕੀਤਾ ਕਿ  ਡੇਰਾਵਾਦ ਧਰਮ ਦੇ ਨਾਂਅ 'ਤੇ ਚੱਲ ਰਿਹਾ ਸਰਕਾਰੀ ਸ਼ਹਿ ਪ੍ਰਾਪਤ ਅਤਿਵਾਦ ਹੈ ਜਿਸ ਵਿਚ ਆਮ ਲੋਕਾਂ ਦਾ ਲਗਾਤਾਰ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਕੇਂਦਰ ਜਾਂ ਸੂਬਾ ਸਰਕਾਰਾਂ ਇਨ੍ਹਾਂ ਡੇਰਿਆਂ ਦੀ ਸਹੀ ਤਰੀਕੇ ਨਾਲ ਨਿਰਪੱਖ ਜਾਂਚ ਕਰਨ ਤਾਂ ਜ਼ਿਆਦਾਤਰ ਡੇਰਿਆਂ ਵਿਚ ਹੋਣ ਵਾਲੇ ਕਈ ਗ਼ੈਰ-ਕਾਨੂੰਨੀ ਕੰਮ ਸਾਹਮਣੇ ਆ ਸਕਦੇ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਡੇਰਾ ਸਿਰਸਾ ਵਾਂਗ ਉਹ ਦੇਸ਼ ਦੇ ਸਮੂਹ ਡੇਰਿਆਂ ਅਤੇ ਮੁਖੀਆਂ ਦੀ ਉਚ ਪਧਰੀ ਜਾਂਚ ਕਰਾਵੇ ਤਾਂ ਬਹੁਤ ਕੁੱਝ ਸਾਹਮਣੇ ਆ ਸਕਦਾ ਹੈ।