ਅੰਮ੍ਰਿਤਸਰ, 5 ਸਤੰਬਰ
(ਸੁਖਵਿੰਦਰਜੀਤ ਸਿੰਘ ਬਹੋੜੂ) : ਡੇਰਾ ਸੌਦਾ ਸਾਧ ਸਮੇਤ ਹੋਰ ਡੇਰਿਆਂ ਦੇ ਉਭਾਰ ਲਈ
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਮੁੱਖ
ਤੌਰ 'ਤੇ ਜ਼ਿੰਮੇਵਾਰ ਹਨ ਜਿਸ ਦੀ ਚਰਚਾ ਪੰਜਾਬ ਦੇ ਕੋਨੇ-ਕੋਨੇ ਵਿਚ ਹੈ।
ਵੇਰਵਿਆਂ
ਮੁਤਾਬਕ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਜੱਟ ਕਿਸਾਨੀ ਦਾ ਸਿੱਧਾ-ਅਸਿੱਧਾ
ਕਬਜ਼ਾ ਹੈ। ਇਨ੍ਹਾਂ ਦੀਆਂ ਸਿਆਸੀ ਤੇ ਸੰਵਿਧਾਨਕ ਮਜ਼ਬੂਰੀਆਂ ਅਤੇ ਖਾਨਾਪੂਰਤੀ ਲਈ
ਅਨੁਸੂਚਿਤ ਜਾਤੀਆਂ ਤੇ ਹੋਰ ਜਾਤਾਂ ਨਾਲ ਸਬੰਧਤ ਆਗੂਆਂ ਨੂੰ ਉਕਤ ਵਲੋਂ ਨਾਲ ਰਖਿਆ ਜਾਂਦਾ
ਹੈ ਤੇ ਉਨ੍ਹਾਂ ਨੂੰ ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ ਵਰਗੇ ਅਹੁਦੇ ਦੇ ਕੇ
ਸੰਤੁਸ਼ਟ ਕਰਨ ਦੀ ਕੋਸ਼ਿਸ ਕੀਤੀ ਜਾਂਦੀ ਹੈ ਪਰ ਅਸਲ ਤਾਕਤ ਧਨਾਢ ਆਗੂਆਂ ਕੋਲ ਹੁੰਦੀ ਹੈ।
ਇਸੇ
ਤਰ੍ਹਾਂ ਆਮ ਤੌਰ 'ਤੇ ਕਾਂਗਰਸ ਪਾਰਟੀ ਪੰਜਾਬ ਦਾ ਮੁਖੀ ਵੀ ਜੱਟ ਕਿਸਾਨੀ ਵਿਚੋਂ ਹੀ
ਹੁੰਦਾ ਹੈ। ਵੋਟਾਂ ਦੀ ਰਾਜਨੀਤੀ ਲਈ ਇਹ ਧਨਾਢ ਜੱਟ, ਕਾਂਗਰਸ ਹਾਈਕਮਾਂਡ ਰਾਹੀ ਦਲਿਤਾਂ
ਤੇ ਪੰਡਤਾਂ ਨੂੰ ਵੀ ਪੰਜਾਬ ਕਾਂਗਰਸ ਪ੍ਰਧਾਨ ਬਣਾ ਦਿੰਦੇ ਹਨ ਪਰ ਕੰਟਰੋਲ ਇਨ੍ਹਾ ਦਾ
ਹੁੰਦਾ ਹੈ। ਸਾਲ 1972 'ਚ ਇੰਦਰਾ ਗਾਂਧੀ ਦੀ ਵਫ਼ਾਦਾਰੀ ਕਾਰਨ ਗਿਆਨੀ ਜ਼ੈਲ ਸਿੰਘ ਮੁੱਖ
ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਅਤੇ ਰਾਸ਼ਟਰਪਤੀ ਵੀ ਬਣੇ। ਇਸੇ ਤਰ੍ਹਾਂ ਅਕਾਲੀ ਤੋਂ
ਕਾਗਰਸੀ ਬਣੇ ਬੂਟਾ ਸਿੰਘ ਨੂੰ ਵੀ ਇੰਦਰਾ ਗਾਂਧੀ ਨੇ ਕੌਮੀ ਸਿਆਸੀ ਮੰਚ ਤੇ ਉਭਾਰਿਆ ਹੈ।
ਗਿਆਨੀ ਜ਼ੈਲ ਸਿੰਘ, ਬੂਟਾ ਸਿੰਘ ਪੱਛੜੇ ਤੇ ਦਲਿਤ ਪਰਿਵਾਰਾਂ ਨਾਲ ਸਬੰਧਤ ਹੋਣ ਕਰਕੇ ਪਰ
ਇੰਨ੍ਹਾਂ ਦੀਆਂ ਜਾਤਾ ਦੇ ਨਾਮ ਲੈ ਕੇ ਮਖੌਲ ਹੁੰਦਾ ਸੀ। ਇੰਦਰਾ ਗਾਂਧੀ ਵਲੋਂ ਲਾਈ ਗਈ
ਐਮਰਜੈਂਸੀ ਦੀ ਵਿਰੋਧਤਾ ਸ਼੍ਰੋਮਣੀ ਅਕਾਲੀ ਦਲ ਵਲੋਂ ਕਰਨ ਕਰ ਕੇ ਕਾਂਗਰਸ ਨੇ ਅਕਾਲੀਆਂ
ਬਰਾਬਰ ਡੇਰਾਵਾਦ, ਬਾਬਾਵਾਦ, ਜਾਤੀਵਾਦ ਉਭਾਰਿਆ ਅਤੇ ਧਰਮ ਨਿਰਪੱਖਤਾ ਦਾ ਹੋਕਾ ਦਿਤਾ
ਤਾਕਿ ਦਲਿਤਾਂ, ਪਛੜੇ ਵਰਗਾਂ ਤੇ ਘੱਟ ਗਿਣਤੀਆਂ ਦੀਆਂ ਵੋਟਾਂ ਪ੍ਰਾਪਤ ਕੀਤੀਆਂ ਜਾ ਸਕਣ।
ਸੂਚਨਾ
ਮੁਤਾਬਕ ਪੰਜਾਬ 'ਚ ਦਲਿਤ 34 ਫੀਸਦੀ ਹਨ ਤੇ ਇੰਨ੍ਹਾਂ ਦੇ ਮੁਕਾਬਲੇ ਪਿੰਡਾਂ ਵਿਚ ਜੱਟ
ਕਿਸਾਨੀ ਹੈ। ਅਗਾਂਹਵਧੂ ਲੋਕਾਂ ਮੁਤਾਬਕ ਵੋਟਾਂ ਦੇ ਇਸ ਅਨੂਪਾਤ ਕਾਰਨ ਗੁਰੂ ਪੀਰਾਂ ਦੀ
ਵਿਚਾਰਧਾਰਾ ਮੁਤਾਬਕ ਸਮਾਜ ਨੂੰ ਨਰੋਈ ਸੇਧ ਦੇਣ ਦੀ ਥਾਂ ਉਕਤ ਪ੍ਰਮੁੱਖ ਸਿਆਸੀ ਪਾਰਟੀਆਂ
ਖ਼ਾਸ ਕਰ ਕੇ ਸ਼੍ਰ੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੇ ਆਪੋ-ਆਪਣੀ ਡਫ਼ਲੀ ਵਜਾਈ। ਅਕਾਲੀ
ਪੰਜਾਬ ਦੀ ਕਿਸਾਨੀ ਦੇ ਵਾਰਸ ਬਣ ਗਏ ਤੇ ਕਾਂਗਰਸੀ ਦਲਿਤਾਂ ਨੂੰ ਅਪਣੇ ਹੱਕ ਵਿਚ ਕਰਨ ਲੱਗ
ਪਈ ਜਿਸ ਦਾ ਅਸਰ ਹੌਲੀ-ਹੌਲੀ ਇਨ੍ਹਾ ਵਧ ਗਿਆ ਕਿ ਮੁੱਖ ਮੰਤਰੀ ਪੰਜਾਬ ਜੱਟਾਂ ਵਿਚੋਂ ਹੀ
ਬਣਨ ਲੱਗ ਪਿਆ ਤੇ ਦਲਿਤਾਂ ਤੇ ਪਛੜੇ ਵਰਗਾਂ ਨੂੰ ਸੰਵਿਧਾਨ ਮੁਤਾਬਕ ਅਹੁਦੇ ਦਿਤੇ ਜਾਂਦੇ
ਰਹੇ। ਦੂਜੇ ਪਾਸੇ ਸ਼੍ਰੋਮਣੀ ਕਮੇਟੀ 'ਤੇ ਸਿੱਧਾ-ਅਸਿੱਧਾ ਕੰਟਰੋਲ ਉਕਤ ਧਨਾਢਾਂ ਦਾ ਹੀ
ਰਿਹਾ ਜਿਨ੍ਹਾਂ ਅਪਣੇ ਸਿਆਸੀ ਹਿਤਾਂ ਲਈ ਇਸ ਮਹਾਨ ਸੰਸਥਾ ਨੂੰ ਵਰਤਣਾ ਸ਼ੁਰੂ ਕਰ ਦਿਤਾ।
ਸ਼੍ਰੋਮਣੀ ਕਮੇਟੀ ਤੇ ਭਾਂਵੇ ਇਸ ਦੇ ਪ੍ਰਧਾਨ ਗ਼ੈਰ ਜੱਟ ਵੀ ਰਹੇ ਹਨ ਤੇ ਹੁਣ ਵੀ ਮੌਜੂਦ ਹਨ
ਪਰ ਉਹ ਅਪਣੀ ਗੁਰਮਤਿ ਸੋਚ ਨੂੰ ਇਕ ਪਾਸੇ ਕਰ ਕੇ ਅਪਣੇ ਮਾਲਕ ਦੇ ਵਫ਼ਾਦਾਰ ਰਹਿਣ ਨੂੰ
ਤਰਜ਼ੀਹ ਦਿੰਦੇ ਹਨ ਜਿਸ ਨੇ ਉਨ੍ਹਾਂ ਨੂੰ ਪ੍ਰਧਾਨਗੀ ਦਿਤੀ ਹੁੰਦੀ ਹੈ। ਇਸ ਕਾਰਨ ਸਮਾਜ ਦਾ
ਪਛੜਿਆ ਵਰਗ, ਅਨੁਸੂਚਿਤ ਜਾਤੀਆਂ ਦੇ ਲੋਕ ਡੇਰਿਆਂ ਵਲ ਝੁੱਕ ਗਏ। ਡੇਰਿਆਂ ਦੇ ਕੁੱਝ
ਬਾਬੇ ਗ਼ੈਰ ਕਿਸਾਨ ਵੀ ਬਣੇ। ਉਕਤ ਕਾਰਨਾਂ ਕਰ ਕੇ ਸਿੱਖ ਧਰਮ ਦਾ ਸਰਵ-ਪੱਖੀ ਵਿਕਾਸ ਨਹੀਂ
ਹੋ ਸਕਿਆ ਪਰ ਡੇਰਾਵਾਦ, ਬਾਬਾਵਾਦ, ਜਾਤੀਵਾਦ ਦਾ ਘੇਰਾ ਜ਼ਰੂਰ ਅਸੀਮਤ ਹੋ ਗਿਆ ਹੈ ਜੋ
ਪੰਜਾਬ ਦੇ ਭਵਿੱਖ ਲਈ ਅਸ਼ੁੱਭ ਸਾਬਤ ਹੋਇਆ ਹੈ। ਖੱਬੇ ਪੱਖੀ, ਬਸਪਾ ਵੀ ਡੇਰਾਵਾਦ ਲਈ
ਜ਼ਿੰਮੇਵਾਰ ਹਨ ਜੋ ਦਲਿਤਾਂ, ਪਛੜੇ ਵਰਗਾਂ, ਮਿਹਨਤਕਸ਼ਾਂ ਤੇ ਘੱਟ ਗਿਣਤੀਆਂ 'ਚ ਅਪਣਾ ਆਧਾਰ
ਬਣਾਉਣ 'ਚ ਬੁਰੀ ਤਰ੍ਹਾਂ ਅਸਫ਼ਲ ਰਹੇ।