ਇਸਲਾਮਾਬਾਦ, 19 ਦਸੰਬਰ : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਹੰਗੂ ਜ਼ਿਲ੍ਹੇ ਦੇ ਸਿੱਖਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸਿੱਖਾਂ ਨੇ ਕਿਹਾ ਕਿ ਇਕ ਅਧਿਕਾਰੀ ਉਨ੍ਹਾਂ ਨੂੰ ਇੰਜ ਕਰਨ ਲਈ ਮਜਬੂਰ ਕਰ ਰਿਹਹਾ ਹੈ। ਪਾਕਿਸਤਾਨੀ ਅਖ਼ਬਾਰ ਵਿਚ ਛਪੀ ਰੀਪੋਰਟ ਮੁਤਾਬਕ ਸਿੱਖਾਂ ਨੇ ਹੰਗੂ ਦੇ ਕਮਿਸ਼ਨਰ ਸ਼ਾਹਿਦ ਮਹਿਮੂਦ ਨੂੰ ਸ਼ਿਕਾਇਤ ਕੀਤੀ ਹੈ। ਸ਼ਿਕਾਇਤ ਵਿਚ ਫ਼ਰੀਦ ਚੰਦ ਸਿੰਘ ਨੇ ਕਿਹਾ ਕਿ ਸਿੱਖ 1901 ਤੋਂ ਇਸ ਇਲਾਕੇ ਵਿਚ ਰਹਿ ਰਹੇ ਹਨ। ਫ਼ਿਰਕੂ ਤਣਾਅ ਦੇ ਬਾਵਜੂਦ ਉਹ ਮੁਸਲਮਾਨਾਂ ਨਾਲ ਸ਼ਾਂਤੀ ਨਾਲ ਰਹਿ ਰਹੇ ਹਨ।
ਉਨ੍ਹਾਂ ਕਿਹਾ ਕਿ ਕਿਸੇ ਸਥਾਨਕ ਵਿਅਕਤੀ ਨੇ ਉਨ੍ਹਾਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਕਦੇ ਵੀ ਨਹੀਂ ਕਿਹਾ। ਫ਼ਰੀਦ ਚੰਦ ਸਿੰਘ ਨੇ ਕਿਹਾ ਿਕ ਜੇ ਕੋਈ ਵਿਅਕਤੀ ਉਨ੍ਹਾਂ ਨੂੰ ਇਸਲਾਮ ਕਬੂਲ ਕਰਨ ਲਈ ਕਹਿੰਦਾ ਹੈ ਤਾਂ ਇਹ ਬੇਇੱਜ਼ਤੀ ਵਾਲੀ ਗੱਲ ਹੈ ਤੇ ਹੁਣ ਇੰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦ ਕੋਈ ਅਧਿਕਾਰੀ ਹੀ ਉਨ੍ਹਾਂ ਨੂੰ ਅਜਿਹਾ ਕਰਨ ਲਈ ਕਹੇ ਤਾਂ ਇਹ ਮਾਮਲਾ ਹੋਰ ਗੰਭੀਰ ਹੋ ਜਾਂਦਾ ਹੈ। ਸਿੱਖਾਂ ਨੇ ਸ਼ਿਕਾਇਤ ਚਿੱਠੀ ਵਿਚ ਦੋਸ਼ ਲਾਇਆ ਕਿ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ 'ਤੇ ਅਤਿਆਚਾਰ ਹੋ ਰਿਹਾ ਹੈ। ਹੰਗੂ ਦੇ ਕਮਿਸ਼ਨਰ ਨੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ,
'ਸਿੱਖ ਸਹਾਇਕ ਕਮਿਸ਼ਨਰ ਨਾਲ ਗੱਲਬਾਤ ਤੋਂ ਨਾਰਾਜ਼ ਹੋ ਗਏ। ਸਹਾਇਕ ਕਮਿਸ਼ਨਰ ਦਾ ਮਤਲਬ ਅਸਲ ਵਿਚ ਉਹ ਨਹੀਂ ਸੀ ਜੋ ਸਿੱਖ ਸਮਝ ਗਏ। ਉਨ੍ਹਾਂ ਦਾਅਵਾ ਕੀਤਾ ਕਿ ਕਿਸੇ ਨੂੰ ਜਬਰਨ ਇਸਲਾਮ ਕਬੂਲ ਨਹੀਂ ਕਰਵਾਇਆ ਜਾ ਰਿਹਾ। ਧਰਮ ਬਦਲਾਅ ਵਾਲੀ ਕੋਈ ਗੱਲ ਨਹੀਂ। ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨ ਧਾਰਮਕ ਆਜ਼ਾਦੀ ਨੂੰ ਯਕੀਨੀ ਕਰਦਾ ਹੈ ਅਤੇ ਸਿੱਖਾਂ ਦੀ ਗੱਲ ਵਿਚ ਦਮ ਨਹੀਂ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਭਾਰਤ ਸਰਕਾਰ ਇਸ ਮਾਮਲੇ ਨੂੰ ਪਾਕਿਸਤਾਨ ਸਰਕਾਰ ਅੱਗੇ ਚੁੱਕੇਗੀ। ਪਾਕਿ ਅਖ਼ਬਾਰ 'ਦੀ ਐਕਸਪ੍ਰੈਸ ਟ੍ਰਿਬਿਊਨ' ਵਲੋਂ ਇਕ ਖ਼ਬਰ ਪ੍ਰਕਾਸ਼ਤ ਕਰਨ ਤੋਂ ਬਾਅਦ ਸੁਸ਼ਮਾ ਸਵਰਾਜ ਨੇ ਇਹ ਟਿਪਣੀ ਕੀਤੀ ਹੈ। ਅਖ਼ਬਾਰ ਨੇ ਅਪਣੀ ਰੀਪੋਰਟ 'ਚ ਕਿਹਾ ਕਿ ਖੈਬਰ-ਪਖਤੂਨਖਵਾ ਦੇ ਹਾਂਗੂ ਜ਼ਿਲ੍ਹੇ 'ਚ ਸਰਕਾਰੀ ਅਧਿਕਾਰੀ ਵਲੋਂ ਜ਼ਬਰੀ ਇਸਲਾਮ ਕਬੂਲ ਕਰਵਾਉਣ 'ਤੇ ਸਿੱਖਾਂ ਨੇ ਗੰਭੀਰ ਚਿੰਤਾ ਪ੍ਰਗਟਾਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ 'ਚ ਕਾਰਵਾਈ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਟਵੀਟ ਕੀਤਾ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਉਹ ਇਸ ਮੁੱਦੇ ਨੂੰ ਪਾਕਿਸਤਾਨ 'ਚ ਚੁੱਕਣ। ਇਸ ਮਗਰੋਂ ਭਾਰਤੀ ਹਾਈ ਕਮਿਸ਼ਨਰ ਨੂੰ ਟੈਗ ਕਰਦਿਆਂ ਸੁਸ਼ਮਾ ਨੇ ਟਵੀਟ ਕੀਤਾ, ''ਅਸੀਂ ਪਾਕਿਸਤਾਨ ਸਰਕਾਰ ਸਾਹਮਣੇ ਇਸ ਮਾਮਲੇ ਨੂੰ ਚੁੱਕਾਂਗੇ।''
(ਪੀਟੀਆਈ)