ਚੰਡੀਗੜ੍ਹ, 11
ਦਸੰਬਰ (ਜੀ.ਸੀ. ਭਾਰਦਵਾਜ): ਸ਼੍ਰੋਮਣੀ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਸ. ਗੋਬਿੰਦ ਸਿੰਘ
ਲੌਂਗੋਵਾਲ ਕਈ ਤਰ੍ਹਾਂ ਦੀਆਂ ਉਲਝਣਾਂ ਵਿਚ ਫਸੇ ਹੋਏ ਹਨ ਜਿਨ੍ਹਾਂ ਵਿਚ ਧਾਰਮਕ, ਸਿਆਸੀ,
ਸਿੱਖੀ ਪ੍ਰਚਾਰ, ਡੇਰਾਵਾਦ, ਬੇਅਦਬੀ ਮਾਮਲੇ, ਸ਼੍ਰੋਮਣੀ ਕਮੇਟੀ ਦੇ ਵਿਗੜੇ ਅਕਸ ਆਦਿ ਕਈ
ਮੁੱਦੇ ਸ਼ਾਮਲ ਹਨ। 62 ਸਾਲਾ ਮਿਠਬੋਲੜੇ ਸ. ਲੌਂਗੋਵਾਲ ਸਾਹਮਣੇ ਮੁਸ਼ਕਲਾਂ ਅਤੇ ਸਮੱਸਿਆਵਾਂ
ਦਾ ਪਹਾੜ ਖੜਾ ਹੈ।
ਅੱਜ ਇਥੇ ਸ਼੍ਰੋਮਣੀ ਕਮੇਟੀ ਦਫ਼ਤਰ ਵਿਚ 'ਰੋਜ਼ਾਨਾ ਸਪੋਕਸਮੈਨ'
ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਸ. ਲੌਂਗੋਵਾਲ ਨੇ ਕਿਹਾ ਕਿ ਧਰਮ 'ਤੇ ਅੱਜ ਦੀ ਗੰਧਲੀ
ਸਿਆਸਤ ਦਾ ਪ੍ਰਭਾਵ ਨਹੀਂ ਪੈਣਾ ਚਾਹੀਦਾ ਕਿਉਂਕਿ ਸੱਚਾ-ਸੁੱਚਾ ਧਰਮ ਹੀ ਜੀਵਨ ਦੀ ਜਾਚ
ਸਿਖਾਉਂਦਾ ਹੈ। ਉਨ੍ਹਾਂ ਕਿਹਾ ਕਿ ਉਂਜ ਤਾਂ ਉਹ ਸਾਰੇ ਸਿਸਟਮ ਦੀ ਸਮੀਖਿਆ ਕਰ ਰਹੇ ਹਨ
ਅਤੇ ਮਾਹਰਾਂ ਦੀ ਰਾਏ ਨਾਲ ਹਰ ਵਿਸ਼ੇ ਅਤੇ ਸਮੱਸਿਆ ਨੂੰ ਘੋਖ ਕੇ ਹੀ ਉਸ ਦਾ ਹੱਲ ਕੱਢਣਗੇ
ਪਰ ਵੱਡਾ ਮਸਲਾ ਸਿੱਖੀ ਦੇ ਪ੍ਰਚਾਰ ਦਾ ਹੈ। ਉਨ੍ਹਾਂ ਕਿਹਾ ਕਿ ਧਰਮ ਦਾ ਪ੍ਰਚਾਰ ਸ਼ੁਰੂ
ਤੋਂ ਹੀ ਕਰਨਾ ਪੈਣਾ ਹੈ ਜਿਸ ਲਈ ਪਿੰਡ-ਪਿੰਡ ਤੇ ਗੁਰਦਵਾਰਿਆਂ ਸਮੇਤ ਨਰਸਰੀ ਸਕੂਲ
ਖੋਲ੍ਹਣ ਦੀ ਲੋੜ ਹੈ। ਸਿੱਖੀ ਦੇ ਮੁੱਢਲੇ ਪ੍ਰਚਾਰ ਦੇ ਨਾਲ-ਨਾਲ ਆਧੁਨਿਕ ਸਿਖਿਆ ਅਤੇ
ਇਲੈਕਟਰਾਨਿਕ ਢੰਗ ਅਪਣਾਉਣੇ ਵੀ ਜ਼ਰੂਰੀ ਹਨ। ਇਸ ਵੇਲੇ ਸ਼੍ਰੋਮਣੀ ਕਮੇਟੀ ਦੇ 54 ਸਕੂਲ ਤੇ
37 ਕਾਲਜ ਹਨ।
ਭਾਈ ਲੌਂਗੋਵਾਲ ਜਿਨ੍ਹਾਂ ਦੇ ਮਾਤਾ-ਪਿਤਾ ਨੇ ਸੱਤ-ਅੱਠ ਸਾਲ ਦੀ ਉਮਰ
ਵਿਚ ਹੀ ਉਨ੍ਹਾਂ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਲੜ ਲਾ ਦਿਤਾ ਸੀ, ਕਿਹਾ ਕਿ
ਬੇਮੁਖ ਹੋਏ ਸਾਰੇ ਸਿੱਖਾਂ ਨੂੰ ਪੰਥ ਨਾਲ ਜੋੜਿਆ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿਹਾ
ਕਿ ਵਿਦੇਸ਼ਾਂ ਵਿਚ ਵਸਦੇ ਕੁੱਠ ਗਰਮ ਦਲੀਏ ਵੀ ਸਾਡੀ ਪਹੁੰਚ ਵਿਚ ਹਨ, ਸੱਭ ਨਾਲ ਪਿਆਰ ਤੇ
ਸਦਭਾਵਨਾ ਨਾਲ ਵਿਚਾਰ ਸਾਂਝੇ ਕਰਾਂਗੇ।
1984 ਦੇ ਬਲੂਸਟਾਰ ਉਪਰੇਸ਼ਨ ਮੌਕੇ ਕਈ ਦਿਨ
ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਮਿਲਟਰੀ ਖੇਤਰ ਵਿਚ ਰਹੇ ਗੋਬਿੰਦ ਸਿੰਘ ਨੇ ਕਿਹਾ ਕਿ
ਕੇਂਦਰ ਸਰਕਾਰ ਕੋਲ ਅਤੇ ਵਿਦੇਸ਼ੀ ਸਰਕਾਰਾਂ ਕੋਲ ਵੀ ਸਿੱਖ ਦੇ ਮਸਲੇ ਉਠਾਉਣੇ ਜਾਰੀ
ਰੱਖਾਂਗੇ ਅਤੇ ਲੋੜ ਪੈਣ 'ਤੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਪਲੇਟਫ਼ਾਰਮ
ਤੋਂ ਨੁਮਾਇੰਦਗੀ ਸਦਕਾ ਮੁਲਾਕਾਤ ਅਤੇ ਅਰਜੋਈ ਵੀ ਕਰਦੇ ਰਹਾਂਗੇ। ਉਨ੍ਹਾਂ ਕਿਹਾ ਕਿ ਹੁਣ
ਵੀ ਸਿੱਖ ਮਸਲਿਆਂ 'ਤੇ ਰਾਏ ਲੈਣ ਲਈ ਵਿਦੇਸ਼ੀ ਤੇ ਸਾਡੇ ਦੇਸ਼ ਦੀ ਲੀਡਰਸ਼ਿਪ ਅਤੇ ਅਦਾਲਤਾਂ
ਇਥੇ ਸ਼੍ਰੋਮਣੀ ਕਮੇਟੀ ਕੋਲ ਹੀ ਪਹੁੰਚ ਕਰਦੀਆਂ ਹਨ। ਸਿੱਖ ਗੁਰਦਵਾਰਾ ਐਕਟ 1925 ਤਹਿਤ
ਧਾਰਾ 85 ਅਤੇ ਧਾਰਾ 87 ਦੇ ਗੁਰਦਵਾਰਿਆਂ ਅਤੇ ਟਰੱਸਟਾਂ ਦੇ ਕੁੱਝ ਮਸਲੇ ਭਲਕੇ ਦੋਰਾਹਾ
ਨੇੜੇ ਕਟਾਣਾ ਗੁਰਦਵਾਰੇ ਵਿਚ ਰੱਖੀ ਅੰਤ੍ਰਿੰਗ ਕਮੇਟੀ ਦੀ ਬੈਠਕ ਵਿਚ ਵਿਚਾਰੇ ਜਾਣਗੇ।
ਪ੍ਰਧਾਨ ਨੇ ਕਿਹਾ ਕਿ ਫ਼ਿਲਹਾਲ ਇਹ ਨਵੀਂ ਐਗਜ਼ੈਗਟਿਵ ਕਮੇਟੀ ਦੀ ਪਹਿਲੀ ਬੈਠਕ ਹੈ ਜਿਸ ਵਿਚ
ਹੋਰ ਏਜੰਡੇ ਅਤੇ ਟੀਚੇ ਤੈਅ ਕੀਤੇ ਜਾਣਗੇ। ਲਗਭਗ 100 ਸਾਲ ਪੁਰਾਣੇ ਸਿੱਖ ਗੁਰਦਵਾਰਾ
ਐਕਟ ਵਿਚ ਕਿਸੇ ਸੋਧ ਜਾਂ ਨਵੇਂ ਆਲ ਇੰਡੀਆ ਗੁਰਦਵਾਰਾ ਐਕਟ ਬਣਾਉਣ ਦੀ ਤਜਵੀਜ਼ ਸਬੰਧੀ
ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਪ੍ਰੋ. ਰੂਪ ਸਿੰਘ ਰਾਹੀਂ ਕਿਹਾ ਕਿ ਨਵੇਂ ਐਕਟ
ਬਾਰੇ ਅਜੇ ਕੋਈ ਵਿਚਾਰ ਨਹੀਂ ਹੈ। ਜ਼ਿਕਰਯੋਗ ਹੈ ਕਿ 60 ਸਾਲ ਪਹਿਲਾਂ ਪਾਰਲੀਮੈਂਟ ਵਿਚ
ਇਕ ਐਮਪੀ ਵਲੋਂ ਲਿਆਂਦਾ ਬਿਲ ਵਿਚਾਰਿਆਂ ਨਹੀਂ ਗਿਆ ਸੀ। ਮਗਰੋਂ ਜਸਟਿਸ ਸੇਖੋਂ ਅਤੇ
ਜਸਟਿਸ ਹਰਬੰਸ ਸਿੰਘ ਵਲੋਂ ਡਰਾਫ਼ਟ ਕੀਤਾ, ਡਰਾਫ਼ਟ ਬਿਲ, ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ
ਗੁਰਬਚਨ ਸਿੰਘ ਟੌਹੜਾ ਨੇ ਕੇਂਦਰ ਕੋਲ ਭੇਜਿਆ ਸੀ। ਭਾਈ ਲੌਂਗੋਵਾਲ ਨੇ ਕਿਹਾ ਕਿ ਕੋਈ
ਨਵਾਂ ਸਿਲਸਿਲਾ ਜਾਂ ਵਿਵਾਦ ਛੇੜਨ ਤੋਂ ਪਹਿਲਾਂ ਮੌਜੂਦਾ ਸਿਸਟਮ ਹੀ ਸੁਧਾਰਨ ਵਲ ਜ਼ਿਆਦਾ
ਧਿਆਨ ਦਿਤਾ ਜਾਵੇਗਾ। ਨਾਨਕਸ਼ਾਹੀ ਕੈਲੰਡਰ, ਡੇਰਾਵਾਦ, ਸਿੱਖਾਂ ਦੀ ਵਖਰੀ ਪੱਛਾਣ ਅਤੇ ਹੋਰ
ਵਿਦੇਸ਼ੀ ਮਸਲਿਆਂ ਬਾਰੇ ਨਵੇਂ ਪ੍ਰਧਾਨ ਨੇ ਕਿਹਾ ਕਿ ਹੌਲੀ-ਹੌਲੀ ਸੱਭ 'ਤੇ ਵਿਚਾਰ ਕਰ ਕੇ
ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਸੁਲਝਾਉਣ ਦੀ ਕੋਸ਼ਿਸ਼ ਕਰਾਂਗੇ।