ਦਿੱਲੀ ਘੱਟ-ਗਿਣਤੀ ਕਮਿਸ਼ਨ ਨੇ ਦਿੱਲੀ ਪੁਲਿਸ ਤੋਂ ਕੀਤੀ ਰੀਪੋਰਟ ਤਲਬ

ਪੰਥਕ, ਪੰਥਕ/ਗੁਰਬਾਣੀ

ਨਵੀਂ ਦਿੱਲੀ: 21 ਸਤੰਬਰ (ਅਮਨਦੀਪ ਸਿੰਘ): ਦਿੱਲੀ ਦੇ ਏਮਜ਼ ਹਸਪਤਾਲ ਦੇ ਬਾਹਰ ਸਿਗਰਟ ਪੀਣ ਤੋਂ ਟੋਕਣ ਕਾਰਨ ਨੌਜਵਾਨ ਗੁਰਪ੍ਰੀਤ ਸਿੰਘ ਤੇ ਮਨਿੰਦਰ ਸਿੰਘ ਦੀ ਮੋਟਰ ਸਾਇਕਲ 'ਤੇ ਤੇਜ਼ ਗੱਡੀ ਚੜ੍ਹਾਉਣ ਨਾਲ ਗੁਰਪ੍ਰੀਤ ਸਿੰਘ ਦੀ ਹੋਈ ਮੌਤ ਦੇ ਮਾਮਲੇ ਵਿਚ ਦਿੱਲੀ ਘੱਟ-ਗਿਣਤੀ ਕਮਿਸ਼ਨ ਨੇ ਦਿੱਲੀ ਦੇ ਪੁਲਿਸ ਕਮਿਸ਼ਨਰ ਅਮੁਲਿਆ ਪਟਨਾਇਕ ਨੂੰ ਪੂਰੇ ਮਾਮਲੇ ਦੀ ਰੀਪੋਰਟ ਤਲਬ ਕੀਤੀ ਹੈ।
ਕਮਿਸ਼ਨ ਦੇ ਸਿੱਖ ਮੈਂਬਰ ਸ.ਕਰਤਾਰ ਸਿੰਘ ਕੋਛੜ ਨੇ ਅੱਜ ਦਿੱਲੀ ਪੁਲਿਸ ਕਮਿਸ਼ਨ ਨੂੰ ਲਿੱਖੀ ਚਿੱਠੀ ਵਿਚ ਨੌਜਵਾਨ ਗੁਰਪ੍ਰੀਤ ਸਿੰਘ ਦੀ ਹੋਈ ਮੌਤ ਨੂੰ ਬੜਾ ਨਾਜ਼ੁਕ ਮਸਲਾ ਦਸਿਆ ਹੈ ਤੇ ਮ੍ਰਿਤਕ ਨੌਜਵਾਨ ਦੇ ਮਾਪਿਆਂ ਦੇ ਹਵਾਲੇ ਨਾਲ ਪੂਰੇ  ਹਾਦਸੇ ਬਾਰੇ ਦਸਿਆ ਹੈ।ਦੱਸਣਯੋਗ ਹੈ ਕਿ ਇਸ ਮਾਮਲੇ ਵਿਚ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਦੋਸਤ ਮਨਿੰਦਰ ਸਿੰਘ ਫੱਟੜ ਹੋਇਆ ਹੈ ਤੇ ਉਸਦਾ  ਇਲਾਜ ਹੋ ਰਿਹਾ ਹੈ।