ਨਵੀਂ ਦਿੱਲੀ, 1
ਸਤੰਬਰ (ਸੁਖਰਾਜ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ
ਵੱਖ-ਵੱਖ ਗੁਰਦਵਾਰਿਆਂ ਵਿਚ ਕੜਾਹ ਪ੍ਰਸਾਦਿ ਦੀ ਤੇਗ਼ ਤਿਆਰ ਕਰਨ ਤੇ ਲੰਗਰ ਲਈ ਇਸਤੇਮਾਲ
ਹੋਣ ਵਾਲੇ ਦੇਸੀ ਘਿਉ ਦੀ ਮੌਜੂਦਾ ਖ਼ਰੀਦ 'ਚ ਵੱਡਾ ਘਪਲਾ ਸਾਹਮਣੇ ਆਇਆ ਹੈ। ਇਸ ਸਬੰਧੀ
ਸ਼੍ਰੋਮਣੀ ਅਕਾਲੀ ਦਲ ਦਿਲੀ ਦੇ ਆਗੂ ਅਤੇ ਦਿੱਲੀ ਗੁਰਦਵਾਰਾ ਚੋਣ ਮਾਮਲਿਆਂ ਦੇ ਜਾਣਕਾਰ
ਇੰਦਰ ਮੋਹਨ ਸਿੰਘ ਨੇ ਦਸਿਆ ਕਿ ਹਰ ਮਹੀਨੇ ਤਕਰੀਬਨ 1400 ਟੀਨ ਦੇਸੀ ਘਿਉ ਦੀ ਖ਼ਪਤ ਪੂਰੀ
ਕਰਨ ਲਈ ਦੋ ਕੰਪਨੀਆਂ ਨੂੰ ਜੂਨ ਤੋਂ ਨਵੰਬਰ 2017 ਤਕ ਛੇ ਮਹੀਨੇ ਲਈ ਤਕਰੀਬਨ 5 ਕਰੋੜ
ਰੁਪਏ ਦੀ ਕੀਮਤ ਦਾ 9 ਹਜ਼ਾਰ ਟੀਨ ਦੇਸੀ ਘਿਉ ਸਪਲਾਈ ਕਰਨ ਦਾ ਆਰਡਰ ਦਿਤਾ ਗਿਆ ਹੈ।
ਉੇਨ੍ਹਾਂ
ਦਸਿਆ ਕਿ ਦਿੱਲੀ ਕਮੇਟੀ ਪ੍ਰਬੰਧਕਾਂ ਨੇ ਕਰੋੜਾਂ ਰੁਪਏ ਦੇ ਘਿਉ ਦੀ ਖ਼ਰੀਦ ਲਈ ਟਂੈਡਰ
ਕਢਵਾਉਣਾ ਵੀ ਮੁਨਾਸਬ ਨਹੀਂ ਸਮਝਿਆ, ਸਗੋਂ ਚੋਣਵੇਂ ਆਧਾਰ 'ਤੇ ਕੁੱਝ ਕੰਪਨੀਆਂ ਪਾਸੋਂ
ਕੁਟੇਸ਼ਨਾਂ ਮੰਗਵਾਉਣ ਲਈ ਮਈ 2017 ਵਿਚ ਪੱਤਰ ਜਾਰੀ ਕੀਤੇ ਸਨ ਜਿਨ੍ਹਾਂ ਵਿਚ ਲੋਕਲ
ਕੰਪਨੀਆਂ ਵੀ ਸ਼ਾਮਲ ਸਨ। ਉਨ੍ਹਾਂ ਦਸਿਆ ਕਿ ਕਰੋੜਾਂ ਰੁਪਏ ਦੀ ਇਸ ਖ਼ਰੀਦ ਲਈ ਦਿੱਲੀ ਕਮੇਟੀ
ਦੇ ਜਨਰਲ ਮੈਨੇਜਰ ਵਲੋਂ ਦਿੱਲੀ ਦੇ ਰਾਣੀ ਬਾਗ ਇਲਾਕੇ ਵਿਚ ਰਹਿਣ ਵਾਲੇ ਇਕ ਵਿਅਕਤੀ ਨੂੰ
ਵੀ ਜਾਤੀ ਤੌਰ 'ਤੇ ਕੁਟੇਸ਼ਨ ਦੇਣ ਲਈ ਬੇਨਤੀ ਕੀਤੀ ਗਈ।
ਉਨ੍ਹਾਂ ਕਿਹਾ ਕਿ ਹਾਲਾਂਕਿ
ਪ੍ਰਬੰਧਕ ਕੁਟੇਸ਼ਨਾਂ ਦੀਆਂ ਕਾਪੀਆਂ ਦੇਣ ਤੋਂ ਪਾਸਾ ਵਟ ਰਹੇ ਹਨ ਪਰ ਜਾਣਕਾਰੀ ਮੁਤਾਬਕ
ਦੋ ਕੰਪਨੀਆਂ ਜਿਸ ਵਿਚ ਸੋਨੀਪਤ ਹਰਿਆਣਾ ਦੀ ਇਕ ਫ਼ਰਮ ਨੂੰ 5630 ਰੁਪਏ ਪ੍ਰਤੀ ਟੀਨ ਤੇ
ਵਿਵੇਕ ਵਿਹਾਰ ਦਿੱਲੀ ਦੀ ਦੂਜੀ ਕੰਪਨੀ ਨੂੰ 5400 ਰੁਪਏ ਪ੍ਰਤੀ ਟੀਨ ਦੇ ਹਿਸਾਬ ਨਾਲ
4500 ਟੀਨ ਦੇਸੀ ਘਿਉ ਸਪਲਾਈ ਕਰਣ ਦਾ ਆਰਡਰ ਦਿਤਾ ਗਿਆ ਹੈ ਜਦਕਿ ਦੋ ਕੰਪਨੀਆਂ ਪਾਸੋਂ
ਇਕੋ ਆਈਟਮ ਵੱਖ-ਵੱਖ ਰੇਟਾਂ ਤੇ ਖ਼ਰੀਦਣਾ ਨਿਯਮਾਂ ਦੀ ਉਲੰਘਣਾ ਹੈ। ਉਨ੍ਹਾਂ ਨੇ ਕਿਹਾ ਕਿ
ਸ਼੍ਰੋਮਣੀ ਅਕਾਲੀ ਦਲ ਦਿੱਲੀ ਵਲੋਂ ਸਰਕਾਰ ਨੂੰ ਦਿੱਲੀ ਕਮੇਟੀ ਦੇ ਖ਼ਾਤਿਆਂ ਦਾ ਸਰਕਾਰੀ
ਆਡਿਟ ਕਰਵਾਉਣ ਦੀ ਅਪੀਲ ਕੀਤੀ ਹੈ ਤੇ ਜੇ ਲੋੜ ਪਈ ਤਾਂ ਪਾਰਟੀ ਇਸ ਸਬੰਧੀ ਅਦਾਲਤ ਨੂੰ
ਗੁਹਾਰ ਲਗਾਉਣ ਤੋਂ ਗੁਰੇਜ਼ ਨਹੀਂ ਕਰੇਗੀ।