ਅੰਮ੍ਰਿਤਸਰ,
1 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ
ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸਿਰੋਪਾ ਨਾ ਦੇਣ ਵਾਲੇ ਸੱਚਖੰਡ ਸ੍ਰੀ
ਹਰਿਮੰਦਰ ਸਾਹਿਬ ਦੇ ਸਾਬਕਾ ਅਰਦਾਸੀਏ ਭਾਈ ਬਲਬੀਰ ਸਿੰਘ ਨੇ ਦੋਸ਼ ਲਾਇਆ ਹੈ ਕਿ ਸ੍ਰੀ
ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਹਾਜ਼ਰੀ ਰਿਪੋਰਟ ਨਹੀਂ ਲੈ ਰਹੇ। ਭਾਈ
ਬਲਬੀਰ ਸਿੰਘ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ ਕ੍ਰਿਪਾਲ
ਸਿੰਘ ਬਡੂੰਗਰ ਨੇ ਉਨ੍ਹਾਂ ਦੀ ਛੁੱਟੀ ਰੱਦ ਕਰਕੇ ਨਿਯੁਕਤੀ ਦੇ ਹੁਕਮ ਜਾਰੀ ਕੀਤੇ ਹਨ। ਇਹ
ਹੁਕਮ ਸਮੂੰਹ ਸਕੱਤਰਾਂ, ਦਫਤਰ ਸੁਪਰਡੈਂਟ ਨੂੰ ਪਹੁੰਚਣ ਦੇ ਨਾਲ ਨਾਲ ਇਸ ਦਾ ਉਤਾਰਾ
ਉਨ੍ਹਾਂ ਨੂੰ ਮਿਲਿਆ ਹੈ। ਉਹ ਜਦ ਨਿਯੁਕਤੀ ਪੱਤਰ ਮੈਨੇਜਰ ਸੁਲੱਖਣ ਸਿੰਘ ਕੋਲ ਲੈ ਕੇ ਗਏ
ਤਾਂ ਉਨ੍ਹਾਂ ਚਿੱਠੀ ਪ੍ਰਾਪਤ ਕਰਨ ਬਾਅਦ ਅਗਲੀ ਕਾਰਵਾਈ ਨਹੀਂ ਕੀਤੀ, ਜਿਸ ਤਹਿਤ ਉਨ੍ਹਾਂ
ਹਾਜ਼ਰੀ ਰਿਪੋਰਟ ਦੇਣੀ ਹੈ। ਬਲਬੀਰ ਸਿੰਘ ਅਰਦਾਸੀਆਂ ਨੇ ਦੱਸਿਆ ਕਿ 5 ਸਤੰਬਰ 2017 ਨੂੰ
ਦਫਤਰੀ ਹੁਕਮ ਮਿਲੇ ਸਨ ਕਿ ਉਹ ਪਹਿਲਾਂ ਵਾਲੀ ਨਿਯੁਕਤੀ ਤੇ ਹਾਜ਼ਰੀ ਰਿਪੋਰਟ ਦੇਣ। ਇਹ
ਜ਼ਿਕਰਯੋਗ ਹੈ ਕਿ ਅਰਦਾਸੀਆ ਬਲਬੀਰ ਸਿੰਘ ਨੇ 3 ਜੂਨ 2016 ਨੂੰ ਉਸ ਸਮੇਂ ਦੇ ਮੁੱਖ ਮੰਤਰੀ
ਪ੍ਰਕਾਸ਼ ਸਿੰਘ ਬਾਦਲ ਜਦ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਏ ਤਾਂ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੀਆਂ ਹੋ ਰਹੀਆ ਬੇਅਦਬੀ ਘਟਨਾਵਾਂ ਕਾਰਨ, ਉਨ੍ਹਾਂ ਨੂੰ ਗੁਰੂ ਦੀ ਬਖਸਿਸ਼
ਸਿਰੋਪਾਓੁ ਦੇਣ ਤੋਂ ਇੰਨਕਾਰ ਕਰ ਦਿੱਤਾ, ਜਿਸ ਤੋਂ ਖਫ਼ਾ ਹੋਏ ਸ਼੍ਰੋਮਣੀ ਕਮੇਟੀ ਪ੍ਰਧਾਨ
ਨੇ ਬਲਬੀਰ ਸਿੰਘ ਅਰਦਾਸੀਆਂ ਦੀ ਬਦਲੀ ਗੁਰਦੁਆਰਾ ਮਾਛੀਵਾੜਾ ਵਿਖੇ ਕਰ ਦਿੱਤੀ। ਬਲਬੀਰ
ਸਿੰਘ ਅਰਦਾਸੀਆ ਨੇ ਬਾਹਰ ਬਦਲੀ ਕਰਨ ਤੇ ਰੋਸ ਵਜੋਂ ਛੁੱਟੀ ਲੈ ਲਈ। ਹੁਣ ਸ਼੍ਰੋਮਣੀ ਕਮੇਟੀ
ਪ੍ਰਧਾਨ ਪ੍ਰੋ ਕ੍ਰਿਪਾਲ ਸਿੰਘ ਬਡੂੰਗਰ ਨੇ ਬਲਬੀਰ ਸਿੰਘ ਅਰਦਾਸੀਆ ਦੀ ਛੁੱਟੀ ਰੱਦ ਕਰਕੇ
ਡਿਊਟੀ ਤੇ ਹਾਜ਼ਰ ਹੋਣ ਦੇ ਆਦੇਸ਼ ਦਿੱਤੇ ਹਨ ਪਰ ਮੈਨੇਜਰ ਸ੍ਰੀ ਦਰਬਾਰ ਸਾਹਿਬ ਵੱਲੋਂ ਅਮਲ
ਨਹੀਂ ਕੀਤਾ ਜਾ ਰਿਹਾ।
ਬਲਬੀਰ ਸਿੰਘ ਅਰਦਾਸੀਆ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ ਸਾਰੇ ਅਧਿਕਾਰੀ ਸਹਿਯੋਗ ਕਰ ਰਹੇ ਹਨ ਪਰ ਮੈਨੇਜਰ
ਸਾਹਿਬ ਜਾਰੀ ਹੁਕਮਾਂ ਤੇ ਅਮਲ ਨਹੀਂ ਕਰ ਰਹੇ ਜੋ ਪ੍ਰੋ ਕ੍ਰਿਪਾਲ ਸਿੰਘ ਬਡੂੰਗਰ ਪ੍ਰਧਾਨ
ਵੱਲੋ ਹਨ। ਜੇਕਰ ਜਾਰੀ ਹੁਕਮਾਂ ਤੇ ਅਮਲ ਨਾ ਹੋਇਆ ਤਾਂ ਉਹ ਉਕਤ ਮੈਨੇਜਰ ਖਿਲਾਫ ਪੰਜਾਬ
ਤੇ ਹਰਿਆਣਾ ਹਾਈਕੋਰਟ 'ਚ ਨਿਆ ਲਈ ਜਾਣਗੇ। ਇਸ ਸਬੰਧੀ ਮੈਨੇਜਰ ਸੁਲੱਖਣ ਸਿੰਘ ਦਾ ਪੱਖ
ਜਾਣਨ ਲਈ ਉਨ੍ਹਾਂ ਦੇ ਮੋਬਾਇਲ ਤੇ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਪਰ ਫੋਨ ਬੰਦ ਸੀ।