ਤਰਨਤਾਰਨ, 11 ਨਵੰਬਰ (ਚਰਨਜੀਤ ਸਿੰਘ): ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਕਿਰਪਾਲ ਸਿੰਘ ਬਡੂੰਗਰ ਦੇ ਸਾਲ 2002-03 ਦੇ ਕਾਰਜਕਾਲ ਨੂੰ ਜੇ ਸਿੱਖਾਂ ਦੀ ਪਾਰਲੀਮੈਂਟ ਦਾ ਸੁਨਹਿਰੀ ਦੌਰ ਕਿਹਾ ਜਾਂਦਾ ਸੀ ਤਾਂ ਇਸ ਦੌਰ ਨੂੰ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਦਾ ਕਾਲਾ ਦੌਰ ਕਹਿ ਲਿਆ ਜਾਵੇ ਤੇ ਅਤਿਕਥਨੀ ਨਹੀਂ। ਸਾਲ 2002-03 ਦੇ ਕਾਰਜ ਕਾਲ ਵਿਚ ਸ. ਬਡੂੰਗਰ ਨੇ ਅਜਿਹੇ ਇਤਿਹਾਸਕ ਫ਼ੈਸਲੇ ਲਏ ਸਨ ਜਿਨ੍ਹਾਂ ਨੇ ਸਿੱਖਾਂ ਦੀ ਆਜ਼ਾਦ ਹਸਤੀ ਤੇ ਅਡਰੀ ਹੋਂਦ ਨੂੰ ਕਾਇਮ ਰਖਣ ਵਿਚ ਸਹਾਇਤਾ ਕੀਤੀ ਸੀ ਪਰ ਇਸ ਵਾਰ ਸ. ਬਡੂੰਗਰ ਦੇ ਇਸ ਕਾਰਜਕਾਲ ਦੌਰਾਨ ਜੋ ਫ਼ੈਸਲੇ ਲਏ ਉਹ ਨਾ ਤੇ ਪੰਥ ਹਿੱਤ ਵਿਚ ਹਨ ਤੇ ਨਾ ਹੀ ਸ਼੍ਰੋਮਣੀ ਕਮੇਟੀ ਦੇ ਹੱਕ ਵਿਚ ।ਤਾਜ਼ਾ ਮਿਸਾਲ ਸ਼੍ਰੋਮਣੀ ਕਮੇਟੀ ਦੇ ਨਵੇ ਸਕੱਤਰਾਂ ਦੀ ਨਿਯੁਕਤੀ ਨੂੰ ਲੈ ਕੇ ਹੈ।
ਸ਼੍ਰੋਮਣੀ ਕਮੇਟੀ ਦੀ ਅੰਤਿੰ੍ਰਗ ਕਮੇਟੀ ਦੀ 6 ਨਵੰਬਰ ਨੂੰ ਪਟਿਆਲਾ ਵਿਚ ਹੋਈ ਮੀਟਿੰਗ ਵਿਚ ਸ. ਬਡੂੰਗਰ ਨੇ 2 ਐਡੀਸ਼ਨਲ ਸਕੱਤਰਾਂ ਨੂੰ ਤਰਕੀ ਦੇ ਕੇ ਪੂਰੇ ਸਕੱਤਰ ਵਜੋਂ ਕੰਮ ਦੇਣ ਦਾ ਫ਼ੈਸਲਾ ਲਿਆ ਜੋ ਸਿੱਧੇ ਤੌਰ 'ਤੇ ਸ਼੍ਰੋਮਣੀ ਕਮੇਟੀ ਦੇ ਹੀ ਮਤੇ ਦੀ ਉਲੰਘਣਾ ਹੈ। ਸਾਲ 2008 ਦੇ ਦਸੰਬਰ ਵਿਚ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਮਤਾ ਨੰਬਰ 267 ਪਾਸ ਕਰ ਕੇ ਫ਼ੈਸਲਾ ਲਿਆ ਸੀ ਕਿ ਸ਼੍ਰੋਮਣੀ ਕਮੇਟੀ ਦਾ ਸਕੱਤਰ ਘਟੋ-ਘੱਟ ਪੋਸਟ ਗ੍ਰੈਜੂਏੇਟ ਹੋਵੇਗਾ। ਸ. ਬਡੂੰਗਰ ਨੇ ਮਨਆਈ ਕਰ ਕੇ ਸਿੱਖ ਗੁਰਦਵਾਰਾ ਐਕਟ ਦੀ ਭਾਵਨਾ, ਕਮੇਟੀ ਦੇ ਸਰਵਿਸ ਰੂਲ ਅਤੇ ਪ੍ਰਬੰਧ ਸਕੀਮ ਦੀ ਉਲੰਘਣਾ ਕੀਤੀ ਹੈ।
ਇਹ ਬਡੂੰਗਰ ਕਾਲ ਹੈ ਜਿਸ ਵਿਚ ਇਕ 10 ਪਾਸ ਵੀ ਇਸ ਮਹਾਨ ਸੰਸਥਾ ਦਾ ਸਕੱਤਰ ਬਣ ਗਿਆ। ਸਿਤਮਜ਼ਰੀਫ਼ੀ ਵਾਲੀ ਗੱਲ ਇਹ ਵੀ ਹੈ ਕਿ 10 ਵੀ ਪਾਸ ਸਕੱਤਰ ਨੂੰ ਵਿਦਿਆ ਵਿਭਾਗ ਦਿਤਾ ਗਿਆ ਹੈ। ਵਿਦਿਆ ਵਿਭਾਗ ਦੇ ਇਹ 10 ਵੀ ਪਾਸ ਸਕੱਤਰ ਕਾਲਜਾਂ ਸਮੇਤ ਦੋ ਯੂਨੀਵਰਸਟੀਆਂ ਦੇ ਕੰਮਕਾਰ ਨੂੰ ਵੀ ਵੇਖਦੇ ਹਨ। ਹਾਸੋਹੀਣੀ ਗੱਲ ਇਹ ਵੀ ਹੈ ਕਿ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਦੀ ਵਿਦਿਅਕ ਯੋਗਤਾ ਤੇ ਸਕੱਤਰ ਸੈਕਸ਼ਨ ਵਿਦਿਆ ਦੀ ਵਿਦਿਅਕ ਯੋਗਤਾ ਵਿਚ ਇਨਾ ਫ਼ਰਕ ਹੈ ਕਿ ਸ਼ਾਇਦ ਸਕੱਤਰ ਸਾਹਿਬ ਠੀਕ ਤਰ੍ਹਾਂ ਪੜ੍ਹ ਵੀ ਨਾ ਸਕਣ ਕਿ ਡਾ. ਰੂਪ ਸਿੰਘ ਨੇ ਲਿਖਿਆ ਕੀ ਹੈ। ਇਹ ਹੀ ਹਾਲ ਦੂਜੇ ਸਕੱਤਰ ਦਾ ਹੈ। ਬਡੂੰਗਰ ਕਾਲ ਵਿਚ ਸ਼੍ਰੋਮਣੀ ਕਮੇਟੀ ਵਿਚ ਕਾਬਲ ਵਿਅਕਤੀ ਖੁੱਡੇ ਲਗੇ ਹੋਏ ਹਨ ਜਿਸ ਵਿਚ ਸੱਭ ਤੋਂ ਪਹਿਲਾ ਨਾਂਅ ਸ. ਕੇਵਲ ਸਿੰਘ ਭੂਰਾ ਦਾ ਹੈ। ਸ. ਕੇਵਲ ਸਿੰਘ ਊਹ ਵਿਅਕਤੀ ਹੈ ਜਿਸ ਨੇ ਕਮੇਟੀ ਦੀ ਹਜ਼ਾਰਾਂ ਏਕੜ ਜ਼ਮੀਨ ਨਾਜਾਇਜ਼ ਕਬਜ਼ਿਆਂ ਤੋਂ ਛੁਡਾਈ। ਦੂਜਾ ਨਾਮ ਬਿਜੈ ਸਿੰਘ ਬਾਂਦੀਆਂ ਦਾ ਹੈ ਜੋ ਹਰ ਇਕ ਡੇਰੇਦਾਰ ਦਾ ਰਾਜਦਾਰ ਹੈ। ਸ਼੍ਰੋਮਣੀ ਕਮੇਟੀ ਤੇ ਆਏ ਕਿਸੇ ਵੀ ਸੰਕਟ ਸਮੇਂ ਬਿਜੈ ਸਿੰਘ ਬਾਂਦੀਆਂ ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਸੰਕਟਮੋਚਨ ਬਣ ਕੇ ਕੰਮ ਕਰਦੇ ਹਨ। ਲੰਮੇਂ ਸਮੇਂ ਤੋਂ ਪੰਥ ਲਈ ਮੁਸ਼ਕਲ ਦਾ ਕਾਰਨ ਬਣੇ ਗੁਰਦਵਾਰਾ ਗਿਆਨ ਗੋਦੜੀ ਮਾਮਲਾ ਹੱਲ ਕਰਨ ਲਈ ਵੀ ਬਿਜੈ ਸਿੰਘ ਅਹਿਮ ਭੁਮਿਕਾ ਅਦਾ ਕਰ ਰਹੇ ਹਨ। ਇਸ ਸੂਚੀ ਵਿਚ ਹੋਰ ਵੀ ਕਈ ਨਾਂਅ ਹਨ ਜੋ ਸਕੱਤਰ ਬਣਨ ਦੀ ਯੋਗਤਾ ਤਾਂ ਰਖਦੇ ਹਨ ਜਿਨ੍ਹਾਂ ਵਿਚ ਸ. ਦਲਜੀਤ ਸਿੰਘ ਬੇਦੀ, ਸ. ਬਲਵਿੰਦਰ ਸਿੰਘ ਜੌੜਾ ਸਿੰਘਾ, ਕੁਲਵਿੰਦਰ ਸਿੰਘ ਰਾਮਦਾਸ ਦਾ ਨਾਂਅ ਸ਼ਾਮਲ ਹੈ ਪਰ ਇਹ ਲੋਕ ਸ. ਕਿਰਪਾਲ ਸਿੰਘ ਬਡੂੰਗਰ ਦੀ ਗੁਡ ਬੁਕ ਵਿਚ ਨਹੀਂ ਹਨ।