ਗੋਬਿੰਦ ਸਿੰਘ ਲੌਂਗੋਵਾਲ ਬਣੇ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ

ਪੰਥਕ, ਪੰਥਕ/ਗੁਰਬਾਣੀ

ਅੰਮ੍ਰਿਤਸਰ, 29 ਨਵੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸੀਨੀਅਰ ਅਕਾਲੀ ਆਗੂ ਗੋਬਿੰਦ ਸਿੰਘ ਲੌਂਗੋਵਾਲ ਨੂੰ ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ 42ਵਾਂ ਪ੍ਰਧਾਨ ਚੁਣ ਲਿਆ ਗਿਆ। ਲੰਮੇ ਸਮੇਂ ਮਗਰੋਂ ਗੁਰਦਵਾਰਾ ਕਮੇਟੀ ਦੇ ਜਨਰਲ ਇਜਲਾਸ ਦੌਰਾਨ ਨਵੇਂ ਪੰਥਕ ਫ਼ਰੰਟ ਦੇ ਆਗੂ ਸੁਖਦੇਵ ਸਿੰਘ ਭੌਰ ਵਲੋਂ ਬਹੁਚਰਚਿਤ ਲਿਫ਼ਾਫ਼ਾ ਕਲਚਰ ਦੀ ਵਿਰੋਧਤਾ ਕਰਦਿਆਂ ਜਮਹੂਰੀ ਢੰਗ ਨਾਲ ਚੋਣ ਕਰਵਾਉਣ ਦੀ ਮੰਗ 'ਤੇ ਹੋਈ ਵੋਟਿੰਗ ਵਿਚ ਗੋਬਿੰਦ ਸਿੰਘ ਲੌਂਗੋਵਾਲ ਭਾਰੀ ਬਹੁਮਤ ਨਾਲ ਕਮੇਟੀ ਦੇ ਪ੍ਰਧਾਨ ਚੁਣੇ ਗਏ। ਬਾਅਦ ਵਿਚ ਵਿਰੋਧੀ ਧਿਰ ਵਲੋਂ ਕੋਈ ਵਿਰੋਧਤਾ ਨਾ ਕਰਨ 'ਤੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ ਦੋਰਾਹਾ ਅਤੇ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂੰਵਾਲ ਸਰਬਸੰਮਤੀ ਨਾਲ ਚੁਣੇ ਗਏ। ਫਿਰ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਵਿਚ ਸੱਜਣ ਸਿੰਘ ਬੱਜੂਮਾਨ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਲਖਬੀਰ ਸਿੰਘ ਅਰਾਈਆਂਵਾਲਾ, ਬੀਬੀ ਗੁਰਪ੍ਰੀਤ ਕੌਰ ਕਪੂਰਥਲਾ, ਗੁਰਤੇਜ ਸਿੰਘ ਢੱਡੇ, ਹਰਦੇਵ ਸਿੰਘ ਰੋਗਲਾ, ਰਵਿੰਦਰ ਸਿੰਘ ਚੱਕਮੁਕੇਰੀਆਂ, ਗੁਰਮੀਤ ਸਿੰਘ ਬੂਹ, ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ, ਨਵਤੇਜ ਸਿੰਘ ਕਾਉਣੀ ਤੇ ਅਮਰੀਕ ਸਿੰਘ ਸ਼ਾਹਪੁਰ ਨੂੰ ਚੁਣਿਆ ਗਿਆ। ਅੱਜ ਸ਼ੋਕ ਮਤਿਆਂ ਬਾਅਦ ਹਾਊਸ ਦੀ ਕਾਰਵਾਈ ਆਰੰਭ ਹੋਣ 'ਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਗੋਬਿੰਦ ਸਿੰਘ ਲੌਂਗਵਾਲ ਦਾ ਨਾਂਅ ਪ੍ਰਧਾਨਗੀ ਲਈ ਪੇਸ਼ ਕੀਤਾ ਤੇ ਤਾਈਦ ਭਾਈ ਮਨਜੀਤ ਸਿੰਘ ਨੇ ਕੀਤੀ ਪਰ ਸੁਖਦੇਵ ਸਿੰਘ ਭੌਰ ਦੀ ਅਗਵਾਈ ਹੇਠ ਮੈਂਬਰਾਂ ਵਲੋਂ ਇਸ ਦੀ ਤਿੱਖੀ ਵਿਰੋਧਤਾ ਕਰਨ ਨਾਲ ਕੁੱਝ ਸਮਾਂ ਹਾਊਸ ਦੀ ਕਾਰਵਾਈ ਠੱਪ ਰਹੀ। ਵੋਟਾਂ ਪਾਉਣ ਦਾ ਕੰਮ ਮੁਕੰਮਲ ਹੋਣ 'ਤੇ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਐਲਾਨ ਕੀਤਾ ਕਿ ਗੋਬਿੰਦ ਸਿੰਘ ਲੌਂਗੋਵਾਲ ਨੂੰ 154 ਤੇ ਅਮਰੀਕ ਸਿੰਘ ਸ਼ਾਹ ਨੂੰ ਕੇਵਲ 15 ਵੋਟਾਂ ਪਈਆਂ ਹਨ। ਇਸ ਤੋਂ ਬਾਅਦ ਹਾਊਸ 'ਚ ਗੋਬਿੰਦ ਸਿੰਘ ਲੌਂਗੋਵਾਲ ਨੂੰ ਪ੍ਰਧਾਨ ਐਲਾਨਿਆ ਗਿਆ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਨਵੀਂ 15 ਮੈਂਬਰੀ ਟੀਮ ਦਾ ਸਨਮਾਨ ਸਿਰੋਪਾਉ ਪਾ ਕੇ ਕੀਤਾ। ਪ੍ਰੋ. ਬਡੂੰਗਰ ਸਾਬਕਾ ਪ੍ਰਧਾਨ ਸਮੇਤ ਹਾਜ਼ਰ ਸਾਰੇ ਮੈਂਬਰਾਂ ਨੇ ਗੋਬਿੰਦ ਸਿੰਘ ਲੌਂਗੋਵਾਲ ਨੂੰ ਮੁਬਾਰਕਾਂ ਦਿਤੀਆਂ।

15 ਮੈਂਬਰੀ ਟੀਮ ਨਵੇਂ ਪ੍ਰਧਾਨ ਦੀ ਅਗਵਾਈ ਹੇਠ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਈ ਜਿਥੇ ਉਨ੍ਹਾਂ ਨੂੰ ਸਿਰੋਪਾਉ ਭੇਟ ਕੀਤਾ ਗਿਆ। ਜਨਰਲ ਇਜਲਾਸ ਦੀ ਆਰੰਭਤਾ ਸਮੇਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਰਦਾਸ ਕੀਤੀ ਅਤੇ ਪਾਵਨ ਹੁਕਮਨਾਮਾ ਗਿਆਨੀ ਹਰਮਿੱਤਰ ਸਿੰਘ ਨੇ ਲਿਆ। ਜਨਰਲ ਹਾਊਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਮੌਜੂਦ ਸਨ। ੂਜਨਰਲ ਇਜਲਾਸ ਦੀ ਕਾਰਵਾਈ ਆਰੰਭ ਕਰਦਿਆਂ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਅਗਲੀ ਕਾਰਵਾਈ ਚਲਾਉਣ ਦਾ ਸੱਦਾ ਦਿਤਾ ਜਿਸ 'ਤੇ ਉਨ੍ਹਾਂ ਨੇ ਅਕਾਲ ਚਲਾਣਾ ਕਰ ਚੁਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਮੱਲ ਸਿੰਘ, ਮਾਰਸ਼ਲ ਅਰਜਨ ਸਿੰਘ, ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਸੁਖਬੀਰ ਸਿੰਘ ਸੁਲਤਾਨਵਿੰਡ, ਜੋਗਿੰਦਰ ਸਿੰਘ ਸਾਹਨੀ (ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ) ਸਬੰਧੀ ਸ਼ੋਕ ਮਤੇ ਪੇਸ਼ ਕੀਤੇ। ਲੌਂਗੋਵਾਲ ਦੇ ਮੁਕਾਬਲੇ ਜਸਵੰਤ ਸਿੰਘ ਪੁੜੈਣ ਨੇ ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ਦਾ ਨਾਮ ਪੇਸ਼ ਕੀਤਾ ਜਿਸ ਦੀ ਤਾਈਦ ਕੁਲਦੀਪ ਸਿੰਘ ਨੱਸੂਪੁਰ ਅਤੇ ਤਾਈਦ ਮਜੀਦ ਮਹਿੰਦਰ ਸਿੰਘ ਹੁਸੈਨਪੁਰ ਨੇ ਕੀਤੀ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਰਘੂਜੀਤ ਸਿੰਘ ਕਰਨਾਲ ਨੂੰ ਚੁਣਿਆ ਗਿਆ ਜਿਨ੍ਹਾਂ ਦਾ ਨਾਮ ਜਥੇਦਾਰ ਤੋਤਾ ਸਿੰਘ ਨੇ ਪੇਸ਼ ਕੀਤਾ। ਉਨ੍ਹਾਂ ਦੇ ਨਾਮ ਦੀ ਤਾਈਦ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਅਤੇ ਮਜੀਦ ਪਰਮਜੀਤ ਸਿੰਘ ਖ਼ਾਲਸਾ ਨੇ ਕੀਤੀ। ਜੂਨੀਅਰ ਮੀਤ ਪ੍ਰਧਾਨ ਵਜੋਂ ਹਰਪਾਲ ਸਿੰਘ ਜੱਲਾ ਨੂੰ ਚੁਣਿਆ ਗਿਆ। ਉਨ੍ਹਾਂ ਦਾ ਨਾਮ ਭਾਈ ਅਮਰਜੀਤ ਸਿੰਘ ਚਾਵਲਾ ਨੇ ਪੇਸ਼ ਕੀਤਾ, ਤਾਈਦ ਪ੍ਰੀਤਮ ਸਿੰਘ ਮਲਸੀਹਾਂ ਅਤੇ ਤਾਈਦ ਮਜੀਦ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਨੇ ਕੀਤੀ। ਇਸੇ ਤਰ੍ਹਾਂ ਜਨਰਲ ਸਕੱਤਰ ਦੇ ਅਹੁਦੇ ਲਈ ਗੁਰਬਚਨ ਸਿੰਘ ਕਰਮੂੰਵਾਲਾ ਚੁਣੇ ਗਏ। ਉਨ੍ਹਾਂ ਦਾ ਨਾਮ ਅਲਵਿੰਦਰਪਾਲ ਸਿੰਘ ਪੱਖੋਕੇ ਨੇ ਪੇਸ਼ ਕੀਤਾ, ਤਾਈਦ ਗੁਰਪ੍ਰੀਤ ਸਿੰਘ ਝੱਬਰ ਅਤੇ ਤਾਈਦ ਮਜੀਦ ਗੁਰਮੇਲ ਸਿੰਘ ਸੰਗਤਪੁਰਾ ਨੇ ਕੀਤੀ।


ਬਡੂੰਗਰ ਨੇ ਕਿਹਾ-ਸਰਬਸੰਮਤੀ ਨਾਲ ਚੋਣ ਕਰ ਲੈਣ ਦਿਉ ਪਰ ਸੁਖਦੇਵ ਸਿੰਘ ਭੌਰ ਨਾ ਮੰਨੇਇਸ ਦੌਰਾਨ ਅਹੁਦਾ ਛੱਡ ਰਹੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਭਾਈ ਰਜਿੰਦਰ ਸਿੰਘ ਮਹਿਤਾ ਅਤੇ ਕਰਨੈਲ ਸਿੰਘ ਪੰਜੋਲੀ ਨੇ ਸੁਖਦੇਵ ਸਿੰਘ ਭੌਰ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਸਰਬਸੰਮਤੀ ਨਾਲ ਪ੍ਰਧਾਨ ਚੁਣ ਲੈਣ ਦੇਣ ਪਰ ਉਨ੍ਹਾਂ ਦੇ ਨਾ ਮੰਨਣ ਕਰ ਕੇ ਤੁਰਤ ਵੋਟਾਂ ਪਾਉਣ ਦਾ ਕੰਮ ਆਰੰਭਿਆ ਗਿਆ। ਇਸ ਦੌਰਾਨ ਭਾਈ ਗੁਰਚਰਨ ਸਿੰਘ ਗਰੇਵਾਲ, ਗੋਬਿੰਦ ਸਿੰਘ ਲੌਂਗੋਵਾਲ ਦੇ ਏਜੰਟ ਅਤੇ ਜਸਵੰਤ ਸਿੰਘ, ਅਮਰੀਕ ਸਿੰਘ ਸ਼ਾਹਪੁਰ ਦੇ ਏਜੰਟ ਬਣੇ ਅਤੇ ਹਾਜ਼ਰ 169 ਮੈਂਬਰਾਂ ਦੀਆਂ ਵੋਟਾਂ ਪਈਆਂ। ਆਜ਼ਾਦ ਮੈਂਬਰ ਹਰਦੀਪ ਸਿੰਘ ਮੋਹਾਲੀ ਵੋਟ ਪਾਉਣ ਤੋਂ ਦੂਰ ਹੀ ਰਹੇ।
ਨਵੇਂ ਪ੍ਰਧਾਨ ਵਲੋਂ ਜੀਐਸਟੀ ਦਾ ਵਿਰੋਧਕਿਹਾ-ਦੇਸ਼ ਦਾ ਸਮੁੱਚਾ ਕਾਰੋਬਾਰ ਬਰਬਾਦ ਹੋਇਆਗੋਬਿੰਦ ਸਿੰਘ ਲੌਂਗੋਵਾਲ ਚਾਰ ਵਾਰ ਵਿਧਾਇਕ ਅਤੇ ਅਕਾਲੀ ਸਰਕਾਰ 'ਚ ਵਜ਼ੀਰ ਰਹਿ ਚੁਕੇ ਹਨ। ਗੋਬਿੰਦ ਸਿੰਘ ਲੌਂਗੋਵਾਲ ਵਲੋਂ ਹਾਊਸ ਦੀ ਕਾਰਵਾਈ ਦੌਰਾਨ ਵੱਖ ਵੱਖ ਮਤੇ ਪੜ੍ਹੇ ਗਏ ਅਤੇ ਅਪਣੇ ਪਹਿਲੇ ਭਾਸ਼ਨ ਦੌਰਾਨ ਉਨ੍ਹਾਂ ਹਾਊਸ ਨੂੰ ਭਰੋਸਾ ਦਿਵਾਇਆ ਕਿ ਉਹ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਸਾਰਆਂ ਧਿਰਾਂ ਨੂੰ ਨਾਲ ਲੈ ਕੇ ਚਲਣਗੇ। ਲੌਂਗੋਵਾਲ ਨੇ ਸੱਭ ਦਾ ਧਨਵਾਦ ਕਰਦਿਆਂ ਕਿਹਾ ਕਿ ਸਿੱਖ ਕੌਮ ਨੇ ਨਿਮਾਣੇ ਨੂੰ ਮਾਣ ਬਖ਼ਸ਼ਿਆ ਹੈ। ਉਨ੍ਹਾਂ ਪੰਜਾਬੀ ਜ਼ੁਬਾਨ ਦੀ ਵਕਾਲਤ ਅਤੇ ਜੀ ਐਸ ਟੀ ਦੀ ਵਿਰੋਧਤਾ ਕਰਦਿਆਂ ਕਿਹਾ ਕਿ ਇਸ ਨੇ ਦੇਸ਼ ਦੇ ਸਮੁੱਚੇ ਕਾਰੋਬਾਰ ਨੂੰ ਬਰਬਾਦ ਕਰ ਦਿਤਾ ਹੈ।