ਗੋਬਿੰਦ ਸਿੰਘ ਲੌਂਗੋਵਾਲ ਦਾ ਅਮਰੀਕਾ ਵਿਚ ਧਾਰਮਕ ਸਟੇਜਾਂ 'ਤੇ ਹੋਵੇਗਾ ਸਖ਼ਤ ਵਿਰੋਧ : ਸਿੱਖ ਕੋਆਰਡੀਨੇਸ਼ਨ ਕਮੇਟੀ

ਪੰਥਕ, ਪੰਥਕ/ਗੁਰਬਾਣੀ

ਨਿਊਯਾਰਕ/ਕੋਟਕਪੂਰਾ, 3 ਦਸੰਬਰ (ਸਰਬਜੀਤ ਸਿੰਘ ਬਨੂੜ, ਗੁਰਿੰਦਰ ਸਿੰਘ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਅਮਰੀਕਾ ਵਿਚ ਆਉਣ 'ਤੇ ਕਿਸੇ ਵੀ ਧਾਰਮਕ ਸਟੇਜ 'ਤੇ ਬੋਲਣ ਨਹੀਂ ਦਿਤਾ ਜਾਵੇਗਾ। ਇਹ ਬਿਆਨ ਅੱਜ ਅਮਰੀਕਾ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਪੰਥਕ ਜਥੇਬੰਦੀਆਂ ਵਲੋਂ ਬਣਾਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਵਲੋਂ ਦਿੱਤਾ ਗਿਆ ਹੈ। ਉਨ੍ਹਾ ਕਿਹਾ ਕਿ ਜਦੋਂ ਵੀ ਗੋਬਿੰਦ ਸਿੰਘ ਲੌਂਗੋਵਾਲ ਅਮਰੀਕਾ ਵਿਚ ਆਵੇਗਾ ਤਾਂ ਉਸ ਨੂੰ ਕਿਸੇ ਵੀ ਧਾਰਮਕ ਸਟੇਜ 'ਤੇ ਬੋਲਣ ਨਹੀਂ ਦਿਤਾ ਜਾਵੇਗਾ ਅਤੇ ਉਸ ਦਾ ਵਿਰੋਧ ਕੀਤਾ ਜਾਵੇਗਾ ਕਿਉਂਕਿ ਉਹ ਪੰਥ ਦੋਖੀ ਹੈ ਉਹ ਵੋਟਾਂ ਦੀ ਖ਼ਾਤਰ ਡੇਰਾ ਸਿਰਸਾ ਦੇ ਸੌਦਾ ਸਾਦ ਕੋਲ ਗਿਆ ਸੀ ਜਿਸ ਕਰ ਕੇ ਉਸ ਨੂੰ ਅਕਾਲ ਤਖ਼ਤ ਸਾਹਿਬ ਵਲੋਂ ਤਨਖ਼ਾਹ ਵੀ ਲਗਾਈ ਗਈ ਸੀ।
ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ, ਕੇਵਲ ਸਿੰਘ ਸਿੱਧੂ, ਹਰਜਿੰਦਰ ਸਿੰਘ ਪਾਈਨਹਿੱਲ, ਵੀਰ ਸਿੰਘ ਮਾਂਗਟ  ਅਤੇ ਦਵਿੰਦਰ ਸਿੰਘ ਦਿਉ ਨੇ ਕਿਹਾ ਹੈ ਕਿ ਸਾਨੂੰ ਬੜਾ ਹੀ ਦੁੱਖ ਹੋਇਆ ਜਦੋਂ ਸਾਨੂੰ ਪਤਾ ਲੱਗਾ ਕਿ ਸੁਖਬੀਰ ਸਿੰਘ ਬਾਦਲ ਨੇ ਬੀਬੀ ਜਗੀਰ ਕੌਰ ਤੋਂ ਗੋਬਿੰਦ ਸਿੰਘ ਲੌਂਗੋਵਾਲ ਦਾ ਨਾਮ ਤਜਵੀਜ਼ ਕਰਵਾਇਆ ਜਦਕਿ ਬੀਬੀ ਜਗੀਰ ਕੌਰ ਵੀ ਪੰਥ ਦੋਖੀ ਹੈ ਉਸ ਨੂੰ ਉਸੇ ਦੀ ਕੁੜੀ ਮਾਰਨ ਦੇ ਦੋਸ਼ ਵਿਚ ਸਜ਼ਾ ਹੋ ਚੁਕੀ ਹੈ। ਸਿੱਖਾਂ ਲਈ ਇਸ ਤੋਂ ਵੱਡੀ ਸ਼ਰਮ ਦੀ ਗੱਲ ਹੋਰ ਕੀ ਹੋ ਸਕਦੀ ਹੈ। ਆਗੂਆਂ ਨੇ ਕਿਹਾ ਕਿ ਹਾਲਾਂਕਿ ਉਹ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰਾਂ ਨੂੰ ਮਾਨਤਾ ਨਹੀਂ ਦਿੰਦੇ ਕਿਉਂਕਿ ਉਹ ਬਾਦਲਾਂ ਦੇ ਹੱਥ ਠੋਕੇ ਹਨ ਪਰ ਤਾਂ ਵੀ ਅਕਾਲ ਤਖ਼ਤ ਸਾਹਿਬ ਨੇ ਗੋਬਿੰਦ ਸਿੰਘ ਲੌਂਗੋਵਾਲ ਨੂੰ ਤਨਖ਼ਾਹੀਆ ਕਰਾਰ ਦਿਤਾ ਸੀ, ਡੇਰੇ ਸਿਰਸੇ ਦਾ ਸੌਦਾ ਸਾਧ ਉਹੀ ਹੈ ਜੋ ਅੱਜਕਲ ਬਲਾਤਕਾਰ ਦੇ ਦੋਸ਼ਾਂ ਤਹਿਤ ਜੇਲ ਵਿਚ ਬੰਦ ਹੈ।
ਸ. ਹਿੰਮਤ ਸਿੰਘ ਨੇ ਕਿਹਾ ਹੈ ਕਿ ਬਾਦਲਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਅਤੇ ਆਰਐਸਐਸ ਜਿਵੇਂ ਕਹਿੰਦੀ ਹੈ ਉਸੇ ਤਰ੍ਹਾਂ ਹੀ ਉਹ ਕਰਦੇ ਹਨ ਜਿਸ ਕਰ ਕੇ ਸਿੱਖ ਕੌਮ ਵਿਚ ਭੰਬਲਭੂਸਾ ਪੈਦਾ ਕੀਤਾ ਜਾ ਰਿਹਾ ਹੈ। ਗੋਬਿੰਦ ਸਿੰਘ ਲੌਂਗੋਵਾਲ ਵੀ ਭਾਜਪਾ ਅਤੇ ਕੇਂਦਰ ਵਲੋਂ ਬਾਦਲਾਂ ਨੂੰ ਕੀਤੇ ਹੁਕਮਾਂ ਦਾ ਹੀ ਨਤੀਜਾ ਹੈ। ਜਿਸ ਦਾ ਅਸੀਂ ਸਖ਼ਤ ਵਿਰੋਧ ਕਰਾਂਗੇ।