ਗੁਰਦਵਾਰਾ ਢਾਹ ਕੇ ਪਲਾਜ਼ਾ ਬਣਾਉਣਾ ਜਾਇਜ਼ ਨਹੀਂ: ਲੌਂਗੋਵਾਲ

ਪੰਥਕ, ਪੰਥਕ/ਗੁਰਬਾਣੀ

ਅੰਮ੍ਰਿਤਸਰ, 20 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਾਕਿਸਤਾਨ ਦੇ ਸਾਹੀਵਾਲ ਵਿਖੇ ਸਥਿਤ ਗੁਰਦਵਾਰੇ ਨੂੰ ਢਾਹ ਕੇ ਪਲਾਜ਼ਾ ਬਣਾਏ ਜਾਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭੂ-ਮਾਫ਼ਤੀਆ ਵਲੋਂ ਅਪਣੇ ਨਿਜੀ ਸਵਾਰਥਾਂ ਤਹਿਤ ਗੁਰਦਵਾਰੇ ਦੀ ਥਾਂ 'ਤੇ ਪਲਾਜ਼ਾ ਬਣਾਉਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ ਅਤੇ ਇਹ ਮਾਮਲਾ ਸਾਹਮਣੇ ਆਉਣ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ। ਪਾਕਿਸਤਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ ਹੈ ਜਿਸ ਨਾਲ ਸਮੁੱਚੇ ਵਿਸ਼ਵ ਵਿਚ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਪਰ ਦੁਖ ਦੀ ਗੱਲ ਹੈ ਕਿ ਸਿੱਖ ਧਰਮ ਨਾਲ ਭਾਵਨਾਤਮਕ ਸਾਂਝ ਰਖਦੇ ਇਸ ਖਿੱਤੇ ਅੰਦਰ ਸਿੱਖਾਂ ਨਾਲ ਵਧੀਕੀਆਂ ਕੀਤੀਆਂ ਜਾ ਰਹੀਆਂ ਹਨ। ਲੌਂਗੋਵਾਲ ਨੇ ਕਿਹਾ ਕਿ ਬੀਤੇ ਦਿਨੀਂ ਹੀ ਕੁੱਝ ਸਿੱਖ ਦੁਕਾਨਦਾਰਾਂ 'ਤੇ ਇਸਲਾਮ ਧਰਮ 

ਕਬੂਲ ਕਰਨ ਲਈ ਦਬਾਅ ਪਾਇਆ ਗਿਆ ਸੀ ਅਤੇ ਹੁਣ ਸਿੱਖਾਂ ਦੇ ਧਾਰਮਕ ਅਸਥਾਨ ਨੂੰ ਢਾਹ ਕੇ ਪਲਾਜ਼ਾ ਬਣਾਉਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਭਾਰਤ ਸਰਕਾਰ ਨੂੰ ਇਨ੍ਹਾਂ ਮਾਮਲਿਆਂ ਲਈ ਪਾਕਿਸਤਾਨ ਸਰਕਾਰ 'ਤੇ ਦਬਾਅ ਬਣਾਉਣਾ ਚਾਹੀਦਾ ਹੈ ਅਤੇ ਪਾਕਿਸਤਾਨ ਅੰਦਰ ਸਿੱਖ ਧਰਮ ਦੇ ਧਾਰਮਕ ਅਸਥਾਨਾਂ ਦੇ ਨਾਲ-ਨਾਲ ਸਿੱਖਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਧਾਰਮਕ ਆਜ਼ਾਦੀ ਦੇ ਅਧਿਕਾਰ ਨੂੰ ਯਕੀਨੀ ਬਣਾਉਣ ਲਈ ਤੁਰਤ ਕਦਮ ਚੁਕਣੇ ਚਾਹੀਦੇ ਹਨ। ਪਾਕਿਸਤਾਨ ਅੰਦਰ ਸਿੱਖਾਂ ਨਾਲ ਹੋ ਰਹੀਆਂ ਵਧੀਕੀਆਂ ਦੇ ਸਬੰਧ ਵਿਚ ਉਨ੍ਹਾਂ ਨੇ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਇਕ ਪੱਤਰ ਵੀ ਲਿਖਿਆ ਹੈ ਅਤੇ ਉਹ ਨੇੜ ਭਵਿੱਖ ਵਿਚ ਇਸ ਸਬੰਧੀ ਭਾਰਤ ਸਰਕਾਰ ਦੇ ਨੁਮਾਇੰਦਿਆਂ ਨਾਲ ਨਿਜੀ ਤੌਰ 'ਤੇ ਮਿਲ ਕੇ ਗੱਲਬਾਤ ਕਰਨਗੇ।