ਨਵੀਂ
ਦਿੱਲੀ, 17 ਸਤੰਬਰ (ਸੁਖਰਾਜ ਸਿੰਘ): ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੇ ਸੀਨੀਆਰ
ਆਗੂ ਅਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਗਦੀਪ ਸਿੰਘ ਕਾਹਲੋਂ ਨੇ
ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਆਖਿਆ ਹੈ ਕਿ ਉਹ ਇਤਿਹਾਸਕ ਗੁਰਦਵਾਰਾ ਗਿਆਨ
ਗੋਦੜੀ ਸਾਹਿਬ ਦੇ ਮੁੜ ਨਿਰਮਾਣ ਦੇ ਰਾਹ ਵਿਚ ਅੜਿੱਕੇ ਪਾਉਣ ਤੋਂ ਬਾਜ਼ ਆਉਣ ਕਿਉਂਕਿ
ਉਨ੍ਹਾਂ ਤੇ ਉਨ੍ਹਾਂ ਦੀ ਜੁੰਡਲੀ ਦੇ ਬੇਤੁਕੇ, ਬਿਨਾਂ ਸੋਚੇ ਸਮਝੇ ਦਿਤੇ ਮਹੱਤਵਹੀਣ
ਬਿਆਨਾਂ ਕਾਰਨ ਇਹ ਮਾਮਲਾ ਹੋਰ ਉਲਝ ਸਕਦਾ ਹੈ।
ਸ. ਕਾਹਲੋਂ ਨੇ ਅਪਣੇ ਸਖ਼ਤ ਸ਼ਬਦਾਂ
ਵਾਲੇ ਬਿਆਨ ਵਿਚ ਕਿਹਾ ਕਿ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਸ. ਸਰਨਾ ਤੇ ਉਨ੍ਹਾਂ ਦੀ
ਜੁੰਡਲੀ ਗੁਰਦਵਾਰਾ ਗਿਆਨ ਗੋਦੜੀ ਦੇ ਨਕਸ਼ੇ ਦੀ ਗੱਲ ਕਰ ਰਹੀ ਹੈ ਕਿਉਂਕਿ ਇਸ ਬਾਰੇ ਕਿਸੇ
ਵਲੋਂ ਕਦੇ ਕੁੱਝ ਨਹੀਂ ਕਿਹਾ ਗਿਆ।
ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸ. ਸਰਨਾ ਤੇ ਉਨ੍ਹਾਂ ਦੇ ਝੋਲੀ ਚੁਕਾਂ ਨੂੰ ਪੰਜਾਬੀ ਦਾ ਗਿਆਨ ਨਹੀਂ ਹੈ ਤੇ ਉਹ ਬਿਨਾਂ ਮਾਮਲੇ ਨੂੰ ਸਮਝਿਆ ਕਾਹਲੀ ਵਿਚ ਬਿਆਨ ਜਾਰੀ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਸੀ ਕਿ ਉਤਰਾਖੰਡ ਵਿਚ ਹਰਿ ਕੀ ਪੌੜੀ ਵਿਖੇ ਗੁਰਦਵਾਰਾ ਸਾਹਿਬ ਹੋਣ ਦਾ ਸਰਕਾਰੀ ਰੀਕਾਰਡ ਮਿਲ ਗਿਆ ਹੈ ਜਿਸ ਬਾਰੇ ਮੀਡੀਆ ਵਿਚ ਖ਼ਬਰਾਂ ਪ੍ਰਕਾਸ਼ਤ ਹੋਈਆਂ ਹਨ ਤੇ ਨਾਲ ਇਹ ਆਖਿਆ ਸੀ ਕਿ ਇਹ ਸਰਕਾਰੀ ਰੀਕਾਰਡ ਜਿਸ ਮੁਤਾਬਕ ਗੁਰਦਵਾਰਾ ਸਾਹਿਬ ਸੁਭਾਸ਼ ਘਾਟ 'ਤੇ ਮੌਜੂਦ ਸੀ, ਦਾ ਲਾਭ ਸਿੱਖਾਂ ਨੂੰ ਮਿਲ ਸਕਦਾ ਹੈ।
ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਰਨਾ
ਪਰਵਾਰ ਤੇ ਉਨ੍ਹਾਂ ਦੀ ਜੁੰਡਲੀ ਗਾਂਧੀ ਪਰਵਾਰ ਦੇ ਇਸ਼ਾਰੇ 'ਤੇ ਨੱਚ ਰਹੀ ਹੈ ਜਦਕਿ ਗਾਂਧੀ
ਪਰਵਾਰ ਸਿੱਖੀ ਨਾਲ ਜੁੜਿਆ ਸੱਭ ਕੁੱਝ ਖ਼ਤਮ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਸਿੱਖ
ਕਦੇ ਵੀ ਉਨ੍ਹਾਂ ਦੀਆਂ ਕਠਪੁਤਲੀਆਂ ਨੂੰ ਇਹ ਮਾੜੇ ਮਨਸੂਬੇ ਪੂਰੇ ਕਰਨ ਵਿਚ ਸਫ਼ਲ ਨਹੀਂ
ਹੋਣ ਦੇਵੇਗਾ।