ਵਾਸ਼ਿੰਗਟਨ,
19 ਸਤੰਬਰ: ਪੁਲਿਸ ਨੇ ਅਮਰੀਕਾ ਦੇ ਇਕ ਗੁਰਦਵਾਰੇ ਦੀ ਕੰਧ 'ਤੇ ਨਫ਼ਰਤ ਭਰੇ ਸੰਦੇਸ਼ ਲਿਖਣ
ਅਤੇ ਮੌਕੇ 'ਤੇ ਮੌਜੂਦ ਇਕ ਵਿਅਕਤੀ ਦਾ ਗਲਾ ਕੱਟਣ ਦੀ ਧਮਕੀ ਦੇਣ ਦੇ ਮਾਮਲੇ ਵਿਚ ਇਕ
ਸ਼ੱਕੀ ਦੀ ਪਛਾਣ ਕਰ ਲਈ ਹੈ। ਮੌਕੇ 'ਤੇ ਮੌਜੂਦ ਵਿਅਕਤੀ ਨੇ ਇਸ ਘਟਨਾ ਦੀ ਵੀਡੀਉ ਬਣਾ ਲਈ
ਸੀ।
ਲਾਸ ਐਂਜਲਸ ਟਾਈਮਜ਼ ਅਖ਼ਬਾਰ ਦੀ ਖ਼ਬਰ ਅਨੁਸਾਰ ਪੁਲਿਸ ਦੇ ਅਧਿਕਾਰੀ ਕੈਪਟਨ ਰਾਬਰਟ ਲੌਂਗ ਨੇ ਕਿਹਾ ਕਿ 27 ਸਾਲਾ ਅਟਰਯੋਮ ਮੈਨੂਕਿਆਨ 'ਤੇ ਵਰਮੌਂਟ ਗੁਰਦਵਾਰੇ ਦੀ ਕੰਧ 'ਤੇ ਕਾਲੇ ਰੰਗ ਦੇ ਮਾਰਕਰ ਨਾਲ ਨਫ਼ਰਤ ਭਰੇ ਸੰਦੇਸ਼ ਲਿਖਣ ਦਾ ਦੋਸ਼ ਹੈ। ਹਾਲੀਵੁਡ ਸਿੱਖ ਟੈਂਪਲ ਦੇ ਨਾਂਅ ਤੋਂ ਪ੍ਰਸਿੱਧ ਗੁਰਦਵਾਰੇ ਵਿਚ 31 ਅਗੱਸਤ ਨੂੰ ਇਹ ਘਟਨਾ ਹੋਈ ਸੀ।
ਪੁਲਿਸ
ਅਧਿਕਾਰੀ ਨੇ ਕਿਹਾ ਕਿ ਕਈ ਲੋਕਾਂ ਨੇ ਸ਼ੱਕੀ ਨੂੰ ਵੇਖਿਆ ਸੀ ਅਤੇ ਉਨ੍ਹਾਂ ਵਿਚੋਂ ਇਕ
ਵਿਅਕਤੀ ਨੇ ਵੀਡੀਉ ਬਣਾ ਕੇ ਫ਼ੇਸਬੁਕ 'ਤੇ ਪਾ ਦਿਤੀ ਸੀ। ਵੀਡੀਉ ਬਣਾਉਣ ਵਾਲੇ ਵਿਅਕਤੀ ਨੇ
ਕਾਫ਼ੀ ਦੂਰ ਤਕ ਮੈਨੂਕਿਆਨ ਦਾ ਪਿੱਛਾ ਕੀਤਾ ਜਿਸ ਤੋਂ ਬਾਅਦ ਸ਼ੱਕੀ ਵਿਅਕਤੀ ਨੇ ਤੇਜ਼ਧਾਰ
ਰੇਜਰ ਵਿਖਾ ਕੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿਤੀ ਸੀ। ਪੁਲਿਸ ਨੇ ਵੀਡੀਉ ਵਿਚ
ਵਿਖਾਈ ਦੇ ਰਹੇ ਵਿਅਕਤੀ ਵਜੋਂ ਮੈਨੂਕਿਆਨ ਦਾ ਪਛਣਾ ਕੀਤੀ ਹੈ। ਵੀਡੀਉ ਵਿਚ ਇਹ ਵਿਅਕਤੀ
ਹੌਲੀ-ਹੌਲੀ ਕੰਧ ਤੋਂ ਦੂਰ ਜਾਂਦਾ ਵਿਖਾਈ ਦੇ ਰਿਹਾ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ
ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਸਿੱਖਾਂ ਨੂੰ ਧਮਕਾਉਣ ਲਈ ਹੀ ਮੁਲਜ਼ਮ ਨੇ ਅਜਿਹਾ ਕਾਰਾ
ਕੀਤਾ ਹੈ। ਇਸ ਲਈ ਅਜਿਹੇ ਵਿਅਕਤੀ ਨੂੰ ਹਿਰਾਸਤ ਵਿਚ ਲੈਣ ਦੀ ਲੋੜ ਹੈ ਤਾਕਿ ਨਾ ਸਿਰਫ਼
ਸਿੱਖ ਬਲਕਿ ਸਾਰੇ ਲੋਕ ਸੁਰੱਖਿਅਤ ਰਹਿ ਸਕਣ। (ਪੀ.ਟੀ.ਆਈ.)