ਨਵੀਂ ਦਿੱਲੀ: 'ਮਨ ਕੀ ਬਾਤ' ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨੇ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ, 'ਮੇਰੇ ਪਿਆਰੇ ਦੇਸ਼ਵਾਸੀਉ, ਇਸ ਸਾਲ ਗੁਰੂ ਗੋਬਿੰਦ ਸਿਘ ਦਾ ਵੀ 350ਵਾਂ ਪ੍ਰਕਾਸ਼ ਪੁਰਬ ਸੀ। ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਹੌਸਲੇ, ਬਹਾਦਰੀ ਅਤੇ ਕੁਰਬਾਨੀ ਦੀਆਂ ਮਿਸਾਲਾਂ ਨਾਲ ਭਰਿਆ ਹੋਇਆ ਹੈ ਅਤੇ ਸਾਡੇ ਸਾਰਿਆਂ ਲਈ ਪ੍ਰੇਰਣਾ ਦਾ ਸ੍ਰੋਤ ਹੈ। ਗੁਰੂ ਗੋਬਿੰਦ ਸਿੰਘ ਨੇ ਇਨਸਾਨੀ ਕਦਰਾਂ-ਕੀਮਤਾਂ ਦਾ ਪਾਠ ਪਡ਼੍ਹਾਉਣ ਦੇ ਨਾਲ ਨਾਲ, ਉਨ੍ਹਾਂ ਨੂੰ ਅਪਣੇ ਜੀਵਨ ਵਿਚ ਵੀ ਅਪਣਾਇਆ।
ਉਹ ਕਵੀ, ਫ਼ਿਲਾਸਫ਼ਰ, ਮਹਾਨ ਯੋਧੇ ਸਨ ਅਤੇ ਇਨ੍ਹਾਂ ਸਾਰੀਆਂ ਭੂਮਿਕਾਵਾਂ ਵਿਚ ਉਨ੍ਹਾਂ ਨੇ ਲੋਕਾਂ ਨੂੰ ਪ੍ਰੇਰਤ ਕਰਨ ਦਾ ਮਹਾਨ ਕੰਮ ਕੀਤਾ। ਗੁਰੂ ਗੋਬਿੰਦ ਸਿੰਘ ਦਮਨ ਅਤੇ ਬੇਇਨਸਾਫ਼ੀ ਵਿਰੁਧ ਲਡ਼ੇ। ਉਨ੍ਹਾਂ ਲੋਕਾਂ ਨੂੰ ਧਰਮ ਅਤੇ ਜਾਤ-ਪਾਤ ਤੋਂ ਉਪਰ ਉਠਣ ਲਈ ਪ੍ਰੇਰਿਆ। ਇਸ ਕੋਸ਼ਿਸ਼ ਵਿਚ ਉਨ੍ਹਾਂ ਨੂੰ ਅਪਣਾ ਕਾਫ਼ੀ ਕੁੱਝ ਗਵਾਉਣਾ ਪਿਆ ਪਰ ਫਿਰ ਵੀ ਉਨ੍ਹਾਂ ਹੌਸਲਾ ਨਹੀਂ ਹਾਰਿਆ ਤੇ ਨਾ ਹੀ ਅਪਣੇ ਅੰਦਰ ਦੁਸ਼ਮਣੀ ਦੀ ਭਾਵਨਾ ਪੈਦਾ ਹੋਣ ਦਿਤੀ।
ਅਪਣੇ ਜ਼ਿੰਦਗੀ ਦੇ ਹਰ ਪਲ ਵਿਚ, ਉਨ੍ਹਾਂ ਪਿਆਰ, ਕੁਰਬਾਨੀ ਅਤੇ ਸ਼ਾਂਤੀ ਦਾ ਸੁਨੇਹਾ ਦਿਤਾ। ਮੈਂ ਖ਼ੁਸ਼ਕਿਸਮਤ ਹਾਂ ਕਿ ਇਸ ਸਾਲ ਦੇ ਸ਼ੁਰੂ ਵਿਚ ਮੈਨੂੰ ਪਟਨਾ ਸਾਹਿਬ ਵਿਖੇ ਉਨ੍ਹਾਂ ਦੇ 350ਵੇਂ ਜਨਮ ਵਰ੍ਹੇਗੰਢ ਦੇ ਜਸ਼ਨਾਂ ਵਿਚ ਹਿੱਸਾ ਲੈਣ ਦਾ ਮੌਕਾ ਮਿਲਿਆ। ਆਉ, ਉਨ੍ਹਾਂ ਦੀਆਂ ਮਹਾਨ ਸਿਖਿਆਵਾਂ ਨੂੰ ਅਪਣੇ ਜੀਵਨ ਵਿਚ ਢਾਲੀਏ ਅਤੇ ਉਨ੍ਹਾਂ ਦੇ ਦਰਸਾਏ ਮਾਰਗ 'ਤੇ ਚਲੀਏ।'