ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਕਾਇਮ ਰੱਖਣ ਲਈ 'ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਪੁਲਿਸ ਨੂੰ ਸੂਚਿਤ ਕੀਤਾ ਜਾਵੇਗਾ'

ਪੰਥਕ, ਪੰਥਕ/ਗੁਰਬਾਣੀ

ਫ਼ਤਿਹਗੜ੍ਹ ਸਾਹਿਬ, 24 ਸਤੰਬਰ (ਸੁਰਜੀਤ ਸਿੰਘ ਸਾਹੀ): ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਮਰਿਆਦਾ ਅਨੁਸਾਰ ਕਾਇਮ ਰਖਣ ਲਈ ਬਣੀਆਂ ਸਤਿਕਾਰ ਕਮੇਟੀਆਂ ਦੀ ਇਕ ਇਕਤਰਤਾ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਪੰਥ ਖ਼ਾਲਸਾ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਗੁਰਜੀਤ ਸਿੰਘ ਖ਼ਾਲਸਾ ਦੀ ਪ੍ਰਧਾਨਗੀ ਹੇਠ ਹੋਈ  ਜਿਸ ਵਿਚ ਵਿਸ਼ੇਸ਼ ਤੌਰ 'ਤੇ ਭਾਈ ਬਲਵੀਰ ਸਿੰਘ ਮੁੱਛਲ ਧੂਲਕੋਟ, ਭਾਈ ਨਿਸ਼ਾਨ ਸਿੰਘ ਅੰਮ੍ਰਿਤਸਰ, ਪ੍ਰੋ. ਹਰਪਾਲ ਸਿੰਘ ਪੱਨੂੰ ਪਟਿਆਲਾ, ਏਕ ਨੂਰ ਖ਼ਾਲਸਾ ਦੇ ਅਮਰੀਕ ਸਿੰਘ ਈਸੜੂ, ਭਾਈ ਬਲਜੀਤ ਸਿੰਘ ਮੋਗਾ, ਦੇਵਿੰਦਰ ਸਿੰਘ ਮੁਕੇਰੀਆਂ, ਇਸਵਰ ਸਿੰੰਘ ਸਮਰਾਲਾ, ਚੜ੍ਹਤ ਸਿੰਘ ਪਟਿਆਲਾ ਆਦਿ ਸ਼ਾਮਲ ਹੋਏ। ਇਸ ਮੀਟਿੰਗ ਵਿਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਜੋ ਸਤਿਕਾਰ ਕਮੇਟੀਆਂ ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਲਈ ਸੇਵਾ ਕਰ ਰਹੀਆਂ ਹਨ ਉਹ ਅਗਲੀ ਮੀਟਿੰਗ ਤਕ ਪਹਿਲਾਂ ਦੀ ਤਰ੍ਹਾਂ ਸੇਵਾ ਕਰਦੀਆਂ ਰਹਿਣਗੀਆ। ਮੀਟਿੰਗ ਵਿਚ ਇਹ ਵੀ ਫ਼ੈਸਲਾ ਲਿਆ ਗਿਆ ਕਿ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾ ਸ਼੍ਰੋਮਣੀ ਕਮੇਟੀ ਤੇ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਅਤੇ ਇਨ੍ਹਾਂ ਦੇ ਨੁਮਾਇੰਦਿਆਂ ਨੂੰ ਨਾਲ ਲੈ ਕੇ ਸਤਿਕਾਰ ਕਮੇਟੀਆਂ ਮਰਿਆਦਾ ਬਹਾਲ ਕਰਾਉਣ ਦੀ ਖੇਚਲ ਕਰਨ। ਭਾਈ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਤਿਹਾੜ ਜੇਲ ਤੋਂ ਪੰਜਾਬ ਵਿਚ ਲਿਆ ਕੇ ਉਨ੍ਹਾਂ ਦੀ ਰੀਡ ਦੀ ਹੱਡੀ ਦਾ ਇਲਾਜ ਕਰਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਆ ਰਹੀਆਂ ਔਕੜਾਂ ਨੂੰ ਦੂਰ ਕਰਨ ਲਈ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕੀਤੀ ਜਿਸ ਲਈ ਸਾਰੀਆਂ ਸਤਿਕਾਰ ਕਮੇਟੀਆਂ ਨੇ ਪੂਰਨ ਸਹਿਯੋਗ ਦੀ ਪੇਸ਼ਕਸ ਕੀਤੀ।