ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਉਤਸਵ ਨੂੰ ਸਮਰਪਤ ਨਗਰ ਕੀਰਤਨ ਸਜਾਇਆ

ਪੰਥਕ, ਪੰਥਕ/ਗੁਰਬਾਣੀ

ਚੰਡੀਗੜ੍ਹ, 2 ਨਵੰਬਰ (ਸਰਬਜੀਤ ਢਿੱਲੋਂ): ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਸਾਹਿਬ ਦੇ 4 ਨਵੰਬਰ ਨੂੰ ਆ ਰਹੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਚੰਡੀਗੜ੍ਹ ਦੀ ਸਿੱਖ ਸੰਗਤ ਵਲੋਂ ਅੱਜ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ-19 ਡੀ ਤੋਂ ਸਵੇਰੇ 11 ਵਜੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਅਰੰਭ ਹੋਇਆ। ਇਸ ਮੌਕੇ ਰਾਗੀ ਸਿੰਘਾਂ ਵਲੋਂ ਸੰਗਤ ਨੂੰ ਅਲਾਹੀ ਬਾਣੀ ਦੇ ਕੀਰਤਨ ਰਾਹੀਂ ਗੁਰੂ ਘਰ ਨਾਲ ਜੋੜਿਆ। ਇਸ ਮੌਕੇ ਨਗਰ ਕੀਰਤਨ 'ਚ ਸ਼ਾਮਲ ਵਿਸ਼ੇਸ਼ ਸ਼ਖ਼ਸੀਅਤਾਂ ਨੂੰ ਸਮਨਾਮਤ ਕੀਤਾ ਗਿਆ। ਨਗਰ ਕੀਰਤਨ ਸੈਕਟਰ-19 ਤੋਂ ਅਰੰਭ ਹੋ ਕੇ ਸੈਕਟਰ-27-28 ਤੋਂ ਗੁਰਦਵਾਰਾ ਸੈਕਟਰ-29 ਤੋਂ ਲੰਘਦਾ ਹੋਇਆ ਸੈਕਟਰ-30, 20, 21, 22, 23 ਅਤੇ ਬਾਲ ਭਵਨ ਤੋਂ ਸੈਕਟਰ-15 ਦੀ ਮਾਰਕੀਟ ਵਿਚ ਹੁੰਦਾ ਹੋਇਆ ਸ਼ਾਮੀ 7 ਵਜੇ ਇਥੋਂ ਗੁਰਦਵਾਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਸਮਾਪਤ ਹੋਇਆ।
ਇਸ ਮੌਕੇ ਸਕੂਲਾਂ ਦੇ ਬੱਚੇ ਅਤੇ ਭੁਝੰਗੀ ਸਿੰਘਾਂ ਨੇ ਗਤਕੇ ਦੇ ਜ਼ੋਹਰ ਵਿਖਾਏ। ਨਗਰ ਦਾ ਸ਼ਹਿਰ ਦੀਆਂ ਵੱਖ-ਵੱਖ ਮਾਰਕੀਟਾਂ ਵਿਚ ਦੁਕਾਨਦਾਰਾਂ ਅਤੇ ਸੰਗਤ ਵਲੋਂ ਨਿੱਘਾ ਸਵਾਗਤ ਕੀਤਾ ਗਿਆ।   

ਨਗਰ ਕੀਰਤਨ ਦੌਰਾਨ ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਪਵਨ ਕੁਮਾਰ ਬਾਂਸਲ, ਪਾਰਟੀ ਪ੍ਰਧਾਨ ਪ੍ਰਦੀਪ ਛਾਬੜਾ, ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਜਗਜੀਤ ਸਿੰਘ ਕੰਗ, ਚੰਡੀਗੜ੍ਹ ਪ੍ਰਾਪਰਟੀ ਡੀਰਲਜ਼ ਐਸੋਸੀਏਸ਼ਨ ਸੈਕਟਰ-17 ਦੇ ਪ੍ਰਧਾਨ ਕੰਵਲਜੀਤ ਸਿੰਘ ਪੰਛੀ, ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਹਰਮੇਲ ਕੇਸਰੀ, ਕਾਂਗਰਸ ਦੀ ਕੌਂਸਲਰ ਬੀਬੀ ਰਵਿੰਦਰ ਕੌਰ ਆਦਿ ਨੇ ਹਾਜ਼ਰੀ ਭਰੀ। ਇਸ ਮੌਕੇ ਗੁਰਦਵਾਰਾ ਸੈਕਟਰ-19 ਦੇ ਪ੍ਰਧਾਨ ਤੇਜਿੰਦਰ ਸਿੰਘ ਨੇ ਦਸਿਆ ਕਿ ਸੰਗਤ ਵਲੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 4 ਨਵੰਬਰ ਨੂੰ ਪਾਠ ਦੇ ਭੋਗ ਪਾਏ ਜਾਣਗੇ। ਉਪਰੰਤ ਗੁਰੂ ਦਾ ਅਤੁੱਟ ਲੰਗਰ ਵਰਤੇਗਾ।