ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਇਆ

ਪੰਥਕ, ਪੰਥਕ/ਗੁਰਬਾਣੀ

ਅੰਮ੍ਰਿਤਸਰ, 6 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਅੰਮ੍ਰਿਤਸਰ ਦੇ ਬਾਨੀ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਸ਼੍ਰੋਮਣੀ ਕਮੇਟੀ ਵਲੋਂ ਅਕਾਲ ਤਖ਼ਤ ਤੋਂ ਨਗਰ ਕੀਰਤਨ ਸਜਾਇਆ ਗਿਆ। ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿ. ਜਗਤਾਰ ਸਿੰਘ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪਾਲਕੀ ਸਾਹਿਬ ਵਿਚ ਸੁਸ਼ੋਭਤ ਕਰਨ ਤੋਂ ਬਾਅਦ ਆਰੰਭ ਹੋਏ ਨਗਰ ਕੀਰਤਨ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਆਦਿ ਸ਼ਾਮਲ ਹੋਏ। ਇਸ ਦੌਰਾਨ ਵੱਖ-ਵੱਖ ਧਾਰਮਕ ਜਥੇਬੰਦੀਆਂ, ਸਭਾ ਸੁਸਾਇਟੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ, ਮੈਂਬਰ ਅਤੇ ਦੇਸ਼-ਵਿਦੇਸ਼ ਤੋਂ ਪੁਜੀਆਂ ਲੱਖਾਂ ਦੀ ਗਿਣਤੀ ਵਿਚ ਸੰਗਤ ਨੇ ਸ਼ਰਧਾ ਤੇ ਸਤਿਕਾਰ ਨਾਲ ਸ਼ਮੂਲੀਅਤ ਕੀਤੀ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਮੁਲਾਜ਼ਮਾਂ ਨੇ ਜਿਥੇ ਸੰਗਤ ਲਈ ਵੱਖ-ਵੱਖ ਪ੍ਰਬੰਧਾਂ ਦੀ ਸੇਵਾ ਨਿਭਾਈ, ਉਥੇ ਹੀ ਉਨ੍ਹਾਂ ਦੀਆਂ ਦਸਤਾਰਾਂ ਉਪਰ ਸਜੀਆਂ 'ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ' ਲਿਖੀਆਂ ਪੱਟੀਆਂ ਵੀ ਸੱਭ ਦਾ ਧਿਆਨ ਖਿੱਚ ਰਹੀਆਂ ਸਨ।  ਇਹ ਨਗਰ ਕੀਰਤਨ ਸ੍ਰੀ ਗੁਰੂ ਰਾਮਦਾਸ ਨਿਵਾਸ ਤੋਂ ਬ੍ਰਹਮ ਬੂਟਾ ਮਾਰਕੀਟ, ਮਾਹਣਾ ਸਿੰਘ ਰੋਡ, ਸੱਟੀ ਬਾਜ਼ਾਰ, ਚੌਕ ਘੰਟਾ ਘਰ, ਬਾਜ਼ਾਰ ਮਾਈ ਸੇਵਾਂ, ਬਾਜ਼ਾਰ ਕਾਠੀਆਂ, ਬਾਜ਼ਾਰ ਪਾਪੜਾਂ, ਬਾਜ਼ਾਰ ਬਾਂਸਾਂ, ਚੌਕ ਛੱਤੀ ਖੂਹੀ, ਚਾਵਲ ਮੰਡੀ, ਦਾਲ ਮੰਡੀ, ਚੌਕ ਢਾਬ ਬਸਤੀ ਰਾਮ, ਚੌਕ ਲਛਮਣਸਰ, ਚੌਕ ਮੋਨੀ, ਚੌਕ ਕਰੋੜੀ, ਚੌਕ ਬਾਬਾ ਸਾਹਿਬ, ਚੌਕ ਪ੍ਰਾਗਦਾਸ ਤੋਂ ਹੁੰਦਾ ਹੋਇਆ ਫਿਰ ਸ੍ਰੀ ਗੁਰੂ ਰਾਮਦਾਸ ਨਿਵਾਸ ਤੋਂ ਅਕਾਲ ਤਖ਼ਤ ਵਿਖੇ ਸੰਪੂਰਨ ਹੋਇਆ।