ਗੁਰੂਘਰਾਂ ਵਿਚ ਲੰਗਰਾਂ ਨੂੰ ਜੀ.ਐਸ.ਟੀ. ਤੋਂ ਛੋਟ ਮਾਮਲੇ 'ਤੇ ਹਰਸਿਮਰਤ ਬਾਦਲ ਅਪਣਾ ਰਹੇ ਨੇ ਦੋਹਰੇ ਮਾਪਦੰਡ : ਭਗਵੰਤ ਮਾਨ

ਪੰਥਕ, ਪੰਥਕ/ਗੁਰਬਾਣੀ

ਸੁਨਾਮ ਊਧਮ ਸਿੰਘ ਵਾਲਾ, 17 ਫ਼ਰਵਰੀ (ਦਰਸ਼ਨ ਸਿੰਘ ਚੌਹਾਨ) : ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਦੇ ਆਗੂਆਂ ਨੂੰ ਤਲਵੰਡੀ ਸਾਬੋ ਹਲਕੇ ਤੋਂ ਪ੍ਰੋਫ਼ੈਸਰ ਬਲਜਿੰਦਰ ਕੌਰ ਹੱਥੋਂ ਹੋਈ ਹਾਰ ਹਜ਼ਮ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਪ੍ਰੋਫ਼ੈਸਰ ਬਲਜਿੰਦਰ ਕੌਰ ਹਲਕੇ ਤੋਂ ਵਿਧਾਨ ਸਭਾ ਦੀਆਂ ਦੋ ਚੋਣਾਂ ਲੜ ਚੁਕੇ ਹਨ ਲੇਕਿਨ ਉਸ ਸਮੇਂ ਕਿਸੇ ਨੇ ਬਲਜਿੰਦਰ ਕੌਰ ਦੀ ਦੋਹਰੀ ਵੋਟ ਦਾ ਮਾਮਲਾ ਕਿਉਂ ਨਹੀਂ ਉਠਾਇਆ। ਆਪ ਪਾਰਟੀ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਸਿਆਸੀ ਦਬਾਅ ਹੇਠ ਦੋਹਰੀ ਵੋਟ ਦੇ ਮਾਮਲੇ 'ਤੇ ਰਿਪੋਰਟਾਂ ਪੇਸ਼ ਕਰ ਰਹੇ ਹਨ।ਇਥੇ ਹਲਕੇ ਦੇ ਵਿਧਾਇਕ ਅਮਨ ਅਰੋੜਾ ਦੀ ਰਿਹਾਇਸ਼ 'ਤੇ ਅਗਰਵਾਲ ਸਭਾ ਦੇ ਵਫ਼ਦ ਨਾਲ ਮੁਲਾਕਾਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਗੁਰੂਘਰਾਂ ਵਿਚ ਲੰਗਰ ਦੀ ਰਸ਼ਦ 'ਤੇ ਲੱਗ ਰਹੇ ਜੀ.ਐਸ.ਟੀ. ਨੂੰ ਖ਼ਤਮ ਕਰਨ ਦੇ ਮਾਮਲੇ 'ਤੇ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਦੋਹਰੇ ਮਾਪਦੰਡ ਅਪਣਾ ਰਹੇ ਹਨ।