ਗੁਟਕਿਆਂ ਦੀ ਹੋਈ ਬੇਅਦਬੀ

ਪੰਥਕ, ਪੰਥਕ/ਗੁਰਬਾਣੀ




ਗੁਰੂਸਰ ਸੁਧਾਰ/ਮੁੱਲਾਂਪੁਰ ਦਾਖਾ/ਲਲਤੋਂ, 28 ਅਗੱਸਤ (ਵਿਨੈ ਵਰਮਾ/ਮਨਦੀਪ ਸਰੋਏ): ਲੁਧਿਆਣਾ ਦੇ ਵਿਧਾਨਸਭਾ ਹਲਕਾ ਦਾਖਾ ਅਧੀਨ ਪੈਂਦੇ ਪਿੰਡ ਗੁੱਜਰਵਾਲ ਅਤੇ ਹਾਂਸਕਲਾਂ ਵਿਖੇ ਬੀਤੇ ਕਲ ਸ਼ਰਾਰਤੀ ਅਨਸਰਾਂ ਵਲੋਂ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਸੁੱਟ ਦਿਤੇ। ਸੂਬੇ ਵਿਚ ਸੌਦਾ ਸਾਧ ਮਾਮਲੇ ਨੂੰ ਲੈ ਕੇ ਪੈਰਾਮਿਲਟਰੀ ਫ਼ੋਰਸ ਤੋਂ ਇਲਾਵਾ ਪੰਜਾਬ ਪੁਲਿਸ ਤਾਇਨਾਤ ਹੈ ਪਰ ਉਸ ਦੇ ਬਾਵਜੂਦ ਸ਼ਰਾਰਤੀ ਅਨਸਰ ਗੁਰਬਾਣੀ ਗੁਟਕਿਆਂ ਦੀ ਬੇਅਦਬੀ ਕਰਨ ਵਿਚ ਕਾਮਯਾਬ ਹੋ ਗਏ। ਦੋਹਾਂ ਪਿੰਡਾਂ ਦੀ ਪੰਚਾਇਤਾਂ ਨੇ ਥਾਣਾ ਜੋਧਾਂ ਅਤੇ ਦਾਖਾ ਦੀ ਪੁਲਿਸ ਨੂੰ ਸੂਚਿਤ ਕਰ ਦਿਤਾ ਹੈ ਪਰ ਖ਼ਬਰ ਲਿਖੇ ਜਾਣ ਤਕ ਪੁਲਿਸ ਵਲੋਂ ਅਣਪਛਾਤੇ ਵਿਅਕਤੀਆਂ ਵਿਰੁਧ ਕੋਈ ਮਾਮਲਾ ਦਰਜ ਨਹੀਂ ਕੀਤਾ ਸੀ।
ਪਹਿਲੀ ਘਟਨਾ ਬੀਤੇ ਕਲ ਦੁਪਹਿਰ ਸਮੇਂ ਪਿੰਡ ਹਾਂਸਕਲਾਂ ਵਿਖੇ ਉਸ ਸਮੇਂ ਵਾਪਰੀ ਜਦ ਕਿਸੇ ਸ਼ਰਾਰਤੀ ਅਨਸਰ ਨੇ ਪਿੰਡ ਵਿਚ ਸਥਿਤ ਸ੍ਰੀ ਗੁਰੁ ਰਵਿਦਾਸ ਗੁਰਦਵਾਰਾ ਸਾਹਿਬ ਨੇੜੇ ਜਾਂਦੀ ਗਲੀ ਵਿਚ ਗੁਰਬਾਣੀ ਗੁਟਕਿਆਂ ਦੇ ਅੰਗ ਪਾੜ ਕੇ ਸੁੱਟ ਦਿਤੇ। ਜਿਊਂ ਹੀ ਪਿੰਡ ਦੇ ਲੋਕਾਂ ਦੀ ਨਜ਼ਰ ਇਸ 'ਤੇ ਪਈ ਤਾਂ ਉਨ੍ਹਾਂ ਨੇ ਥਾਣਾ ਦਾਖਾ ਦੀ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਦੀ ਨਿਗਰਾਨੀ ਹੇਠ ਗੁਟਕਾ ਸਾਹਿਬ ਦੇ ਅੰਗ ਇਕੱਤਰ ਕਰ ਕੇ ਜਗਰਾਉਂ ਦੇ ਇਕ ਗੁਰਦਵਾਰੇ ਵਿਚ ਪਹੁੰਚਾ ਦਿਤੇ ਗਏ ਹਨ।  ਅਜੇ ਇਹ ਮਾਮਲਾ ਠੰਢਾ ਨਹੀਂ ਹੋਇਆ ਸੀ ਕਿ ਲੰਘੀ ਰਾਤ ਸ਼ਰਾਰਤੀ ਅਨਸਰਾਂ ਵਲੋਂ ਪਿੰਡ ਗੁੱਜਰਵਾਲ ਦੇ ਇਕ ਗੁਰਦਵਾਰੇ ਦੇ ਨੇੜੇ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਖਿਲਾਰ ਦਿਤੇ।


ਇਸ ਬਾਰੇ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਐਸ.ਐਸ.ਪੀ. ਸੁਰਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਸਿਆ ਕਿ ਪੁਲਿਸ ਨੇ ਪਿੰਡ ਗੁੱਜਰਵਾਰ ਅਤੇ ਹਾਂਸਕਲਾਂ ਦੀ ਪੰਚਾਇਤ ਅਤੇ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਵਲੋਂ ਲਿਖਤੀ ਤੌਰ 'ਤੇ ਦਿਤੀ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕੀਤੀ ਗਈ ਹੈ।