ਹਰ ਵਰਗ 'ਚ ਚਰਚਾ ਦਾ ਵਿਸ਼ਾ ਬਣਿਆ ਰਿਹਾ ਸੌਦਾ ਸਾਧ

ਪੰਥਕ, ਪੰਥਕ/ਗੁਰਬਾਣੀ



ਅੰਮ੍ਰਿਤਸਰ, 9 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸੌਦਾ ਸਾਧ ਬਾਰੇ ਅੱਜ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਰਿਹਾ। ਸਿਆਸੀ, ਸਮਾਜਕ ਤੇ ਧਾਰਮਕ ਅਤੇ ਸਿੱਖ ਹਲਕਿਆਂ 'ਚ ਸੌਦਾ ਸਾਧ ਦੀ ਚੜ੍ਹਤ ਅਤੇ ਉਸ ਦੇ ਅੰਤ ਬਾਰੇ ਚਰਚਾਵਾਂ ਹਨ ਕਿ ਉਹ ਖੁਫ਼ੀਆ ਏਜ਼ੰਸੀਆਂ ਤੇ ਕੁੱਝ ਸਿਆਸਤਦਾਨਾਂ ਦੀ ਦੇਣ ਸੀ? ਸੌਦਾ ਸਾਧ ਨੂੰ ਖੁਫ਼ੀਆ ਏਜ਼ੰਸੀਆਂ ਤੇ ਸਿਆਸਤਦਾਨਾਂ ਨੇ ਅਪਣੇ ਨਿਜੀ ਹਿਤਾਂ ਲਈ ਵਰਤਿਆ, ਉਹ ਜਦ ਰੱਬ ਬਣ ਕੇ ਸੱਭ ਨੂੰ ਅੱਖਾਂ ਵਿਖਾਉਣ ਲੱਗਾਂ ਤਾ ਉਸ ਨੂੰ ਜੇਲ ਵਿਚ ਡੱਕ ਕੇ ਉਸ ਦੀ ਔਕਾਤ ਤੇ ਅਸਲ ਥਾਂ ਦਸ ਦਿਤੀ।

ਇਹ ਵੀ ਚਰਚਾ ਹੈ ਕਿ ਪੰਜਾਬ, ਹਰਿਆਣਾ ਤੇ ਸਿਆਸਤਦਾਨ ਤੇ ਹੁਕਮਰਾਨ ਸੌਦਾ ਸਾਧ ਵਿਰੁਧ ਇੰਨੀ ਵੱਡੀ ਕਾਰਵਾਈ ਕਰਨ ਜੋਗੇ ਨਹੀਂ ਸਨ। ਸੌਦਾ ਸਾਧ ਨੂੰ ਹੱਥ ਆਰਐਸਐਸ ਨੇ ਪਵਾਇਆ ਹੈ ਜੋ ਭਾਜਪਾ ਦਾ ਏਜੰਡਾ ਲਾਗੂ ਕਰਨ ਤੋਂ ਕੰਨੀ ਕਤਰਾ ਕੇ ਅਪਣਾ ਸਾਮਰਾਜ ਚਲਾ ਰਿਹਾ ਸੀ। ਸਿਆਸੀ ਹਲਕਿਆਂ 'ਚ ਪਾਪਾ ਦੀ ਪਰੀ ਹਨੀਪ੍ਰੀਤ ਦੀ ਸੱਭ ਤੋਂ ਜ਼ਿਆਦਾ ਚਰਚਾ ਹੈ ਕਿ ਉਹ ਖੁਫ਼ੀਆਂ ਏਜੰਸੀਆਂ ਦੀ ਏਜੰਟ ਸੀ ਤੇ ਉਸ ਨੇ ਹੀ ਬਾਬੇ ਦੇ ਸਾਰੇ ਭੇਤ ਖੋਲ੍ਹੇ ਹਨ। ਉਸ ਨੂੰ ਲੋੜ ਸਮਝਣ 'ਤੇ ਹੀ ਜਨਤਕ ਕਰਨ ਦੀ ਚਰਚਾ ਹੈ।

ਇਹ ਵੀ ਚਰਚਾ ਦਾ ਬਾਜ਼ਾਰ ਗਰਮ ਰਿਹਾ ਹੈ ਕਿ ਸੌਦਾ ਸਾਧ ਦਾ ਡੇਰਾ ਇਕ ਦਿਨ ਵਿਚ ਨਹੀਂ ਬਣਿਆ, ਇਸ ਨੂੰ ਸਥਾਪਤ ਹੋਣ 'ਚ ਕਈ ਸਾਲ ਲੱਗੇ ਹਨ ਤੇ ਦੇਸ਼ ਦਾ ਖੁਫ਼ੀਆ ਤੰਤਰ ਤੇ ਸਿਆਸਤਦਾਨਾਂ ਨੂੰ ਪਹਿਲਾਂ ਹੀ ਪਲ-ਪਲ ਦੀ ਖ਼ਬਰ ਸੀ ਕਿ ਡੇਰੇ ਅੰਦਰ ਕੀ-ਕੀ ਹੋ ਰਿਹਾ ਹੈ? ਇਹ ਵੀ ਚਰਚਾ ਹੈ ਕਿ ਆਰਐਸਐਸ ਅਪਣਾ ਏਜੰਡਾ ਲਾਗੂ ਕਰਨ ਲਈ ਹੋਰ ਡੇਰਿਆਂ ਵਲ ਵੀ ਧਿਆਨ ਕੇਂਦਰਤ ਕਰ ਰਹੀ ਹੈ, ਜਿਥੇ ਡੇਰੇਦਾਰ ਭਾਜਪਾ ਦੀ ਵਿਚਾਰਧਾਰਾ ਨੂੰ ਲਾਗੂ ਨਹੀਂ ਕਰ ਰਹੇ। ਆਰਐਸਐਸ ਤੇ ਭਾਜਪਾ ਸਾਲ 2019 ਦੀਆਂ ਚੋਣਾਂ ਤੋਂ ਪਹਿਲਾਂ ਉਸ ਦੇ ਰਾਹ 'ਚ ਰੋੜੇ ਬਣਨ ਵਾਲਿਆਂ ਨੂੰ ਠੱਲ੍ਹ ਪਾਉਣ ਲਈ ਯਤਨਸ਼ੀਲ ਹੈ ਤਾਕਿ ਉਹ ਅਪਣਾ ਏਜੰਡਾ ਲਾਗੂ ਕਰ ਸਕੇ।