ਹਵਾਰਾ ਨੇ ਕੀਤਾ ਵਰਲਡ ਸਿਖ ਪਾਰਲੀਮੈਂਟ ਬਣਾਉਣ ਦਾ ਐਲਾਨ

ਪੰਥਕ, ਪੰਥਕ/ਗੁਰਬਾਣੀ

ਚੰਡੀਗੜ, 4 ਨਵੰਬਰ (ਨੀਲ ਭਲਿੰਦਰ ਸਿਂੰਘ): ਸਰਬੱਤ ਖ਼ਾਲਸਾ ਵਲੋਂ ਥਾਪੇ ਜਥੇਦਾਰ ਅਕਾਲ ਤਖ਼ਤ ਜਗਤਾਰ ਸਿੰਘ ਹਵਾਰਾ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਮੌਕੇ ਵਰਲਡ ਸਿੱਖ ਪਾਰਲੀਮੈਂਟ ਦੇ ਗਠਨ ਦਾ ਐਲਾਨ ਕੀਤਾ ਹੈ। ਦਿੱਲੀ ਦੀ ਤਿਹਾੜ ਜੇਲ ਵਿਚੋਂ ਕੌਮ ਦੇ ਨਾਂਅ ਲਿਖਤੀ ਸੰਦੇਸ਼ ਜਾਰੀ ਕਰ ਕੇ ਹਵਾਰਾ ਨੇ ਪੂਰੀ ਦੁਨੀਆਂ ਵਿਚ ਵਸਦੇ ਸਿਖਾਂ ਨੂੰ ਕੌਮਾਂਤਰੀ ਮੁਹਾਜ਼ ਉਤੇ ਦਰਪੇਸ਼ ਚੁਣੌਤੀਆਂ ਦੇ ਟਾਕਰੇ ਲਈ ਇਕ ਮੰਚ 'ਤੇ ਆਉਣ ਦਾ ਸੱਦਾ ਦਿਤਾ ਹੈ।ਉਨ੍ਹਾਂ ਐਲਾਨ ਕੀਤਾ ਕਿ ਆਉਂਦੀ 25 ਨਵੰਬਰ ਤਕ 150 ਮੈਂਬਰੀ ਵਰਲਡ ਸਿੱਖ ਪਾਰਲੀਮੈਂਟ ਦਾ ਗਠਨ ਕਰ ਦਿਤਾ ਜਾਵੇਗਾ ਜਿਸ ਵਿਚ ਸਾਰੇ ਮੈਂਬਰ ਫ਼ਿਲਹਾਲ ਵਿਦੇਸ਼ਾਂ ਤੋਂ ਹੋਣਗੇ। ਇਸ ਵਿਚ 300 ਮੈਂਬਰ ਹੋਣਗੇ ਜਿਸ ਵਿਚ ਵਿਦੇਸ਼ਾਂ ਤੋਂ 150 ਮੈਂਬਰ ਚੁਣੇ ਜਾਣ ਤੋਂ ਬਾਅਦ ਭਾਰਤ ਵਿਚ ਵੀ 150 ਮੈਂਬਰ ਚੁਣੇ ਜਾਣਗੇ। ਅੱਜ ਚੰਡੀਗੜ੍ਹ ਵਿਖੇ ਜਗਤਾਰ ਸਿੰਘ ਹਵਾਰਾ ਦੀ ਸਲਾਹਕਾਰ ਕਮੇਟੀ ਦੇ ਮੈਂਬਰਾਂ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਹਵਾਰਾ ਦਾ ਸੰਦੇਸ਼ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਚ ਵਸਦੇ ਸਿੱਖਾਂ ਦੀ 15 ਮੈਂਬਰੀ ਤਾਲਮੇਲ ਕਮੇਟੀ ਦਾ ਗਠਨ ਕੀਤਾ ਜਾ ਚੁੱਕਾ ਹੈ ਜੋ 25 ਨਵੰਬਰ ਤਕ 150 ਮੈਂਬਰੀ ਵਰਲਡ ਸਿੱਖ ਪਾਰਲੀਮੈਂਟ ਦਾ ਗਠਨ ਕਰ ਦੇਵੇਗੀ। ਉਸ ਤੋਂ ਬਾਅਦ ਇਹ ਕਮੇਟੀ ਭੰਗ ਕਰ ਦਿਤੀ ਜਾਵੇਗੀ ।
ਜਗਤਾਰ ਸਿੰਘ ਹਵਾਰਾ ਦੀ 7 ਮੈਂਬਰੀ ਸਲਾਹਕਾਰ ਕਮੇਟੀ ਵਿਚ ਹਵਾਰਾ ਦੇ ਮੁੱਖ ਬੁਲਾਰੇ ਐਡਵੋਕੇਟ ਅਮਰ ਸਿੰਘ ਚਾਹਲ, ਹਰਮਿੰਦਰ ਸਿੰਘ, ਬਗੀਚਾ ਸਿੰਘ ਰੱਤਾਖੇੜਾ, ਗੁਰਚਰਨ ਸਿੰਘ, ਬਲਬੀਰ ਸਿੰਘ, ਬਲਜੀਤ ਸਿਂੰਘ ਖ਼ਾਲਸਾ ਅੰਮ੍ਰਿਤਸਰ, ਹਰਪ੍ਰੀਤ ਸਿਂੰਘ ਰਾਣਾ ਫ਼ਤਿਹਗੜ੍ਹ ਸਾਹਿਬ ਸ਼ਾਮਲ ਹਨ । ਪ੍ਰੈੱਸ ਕਾਨਫ਼ਰੰਸ ਵਿਚ ਮੌਜੂਦ ਚਾਰ ਮੈਂਬਰਾਂ ਨੇ ਦੱਸਿਆ ਕਿ ਵਰਲਡ ਸਿਖ  ਪਾਰਲੀਮੈਂਟ ਬਣਾਉਣ ਦਾ ਮਕਸਦ ਸ਼ੋਮਣੀ ਕਮੇਟੀ ਦੀ ਹੋਂਦ ਨੂੰ ਚੁਨੌਤੀ ਦੇਣਾ ਨਹੀਂ ਹੈ ਬਲਕਿ ਵਿਸ਼ਵ ਭਰ ਦੇ ਸਿੱਖਾਂ ਨੂੰ ਇਕ ਮੰਚ 'ਤੇ ਇਕੱਠਾ ਕਰਨਾ ਹੈ ਕਿਉਂਕਿ ਸ਼ੋਮਣੀ ਕਮੇਟੀ 'ਤੇ ਇਕ ਧਿਰ ਕਾਬਜ਼ ਹੋਣ ਕਰ ਕੇ ਬਾਹਰ ਦੇ ਸਿੱਖਾਂ ਦੀ ਇਸ ਵਿਚ ਸ਼ਮੂਲੀਅਤ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਇਸ ਪਾਰਲੀਮੈਂਟ ਨੂੰ ਕਿਸੇ ਦੇਸ਼ ਦੀ ਸੰਵਿਧਾਨਕ ਮਾਨਤਾ ਦੀ ਲੋੜ ਨਹੀਂ ਹੈ।  ਇਹ ਅਕਾਲ ਤਖ਼ਤ ਦੀ ਛਤਰ ਛਾਇਆ ਹੇਠ ਚਲੇਗੀ। ਹਵਾਰਾ ਨੇ ਅਪਣੇ ਪੱਤਰ ਵਿਚ ਕਿਹਾ ਕਿ ਇਸ ਕੰਮ ਲਈ ਭਾਰਤ ਵਿਚ ਰਤਾ ਔਕੜ ਹੈ ਜਿਸ ਮਗਰੋਂ ਸਰਬਸੰਮਤੀ ਨਾਲ ਇਸ ਦੀ ਅਗਲੀ ਰੂਪਰੇਖਾ ਉਲੀਕਣ ਲਈ ਪੂਰੇ ਵਿਸ਼ਵ ਵਿਚ ਵੱਡੀ ਪੱਧਰ 'ਤੇ ਕੰਮ ਜਾਰੀ ਹੈ।