ਹਜ਼ੂਰ ਸਾਹਿਬ ਦੇ ਜਥੇਦਾਰ ਨੂੰ ਕੀਤੀ ਜਾਵੇਗੀ ਜਥੇਦਾਰਾਂ ਦੀ ਸ਼ਿਕਾਇਤ: ਸਰਨਾ

ਪੰਥਕ, ਪੰਥਕ/ਗੁਰਬਾਣੀ

ਅੰਮ੍ਰਿਤਸਰ, 8 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) :  ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਮੁੰਬਈ ਵਿਚ ਤਖ਼ਤਾਂ ਦੇ ਜਥੇਦਾਰਾਂ ਤੇ ਵਿਸ਼ੇਸ਼ ਕਰ ਕੇ ਜਥੇਦਾਰ ਅਕਾਲ ਤਖ਼ਤ ਵਲੋਂ ਇਕ ਧਾਰਮਕ ਸਮਾਗਮ ਦੌਰਾਨ ਮਰਿਆਦਾ ਦੀਆ ਉਡਾਈਆਂ ਗਈਆਂ ਧੱਜੀਆਂ ਦਾ ਨੋਟਿਸ ਲੈਂਦਿਆਂ ਸਿੱਖ ਸੰਗਤ ਨੂੰ ਜਥੇਦਾਰ ਦਾ ਬਾਈਕਾਟ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ  ਗਿ. ਕੁਲਵੰਤ ਸਿੰਘ ਨੂੰ ਪੱਤਰ ਲਿਖ ਕੇ ਮੰਗ ਕਰਨਗੇ ਕਿ ਇਸ ਸਮਾਗਮ ਵਿਚ ਹਿੱਸਾ ਲੈਣ ਵਾਲੇ ਵਿਸ਼ੇਸ਼ ਕਰ ਕੇ ਤਖ਼ਤਾਂ ਦੇ ਜਥੇਦਾਰਾਂ ਨੂੰ ਤਲਬ ਕਰ ਕੇ ਉਨ੍ਹਾਂ ਵਿਰੁਧ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇ।ਅਪਣੇ ਰਿਸ਼ਤੇਦਾਰ ਤੇ ਪਿਛਲੇ ਦਿਨਾਂ ਤੋਂ ਚਰਚਾ ਵਿਚ ਬਣੇ ਆ ਰਹੇ ਇੰਦਰਪ੍ਰੀਤ ਸਿੰਘ ਚੱਢਾ ਦੀ ਅੰਤਮ ਅਰਦਾਸ ਵਿਚ ਸ਼ਾਮਲ ਹੋਣ ਲਈ ਪੁੱਜੇ ਪਰਮਜੀਤ ਸਿੰਘ ਸਰਨਾ ਨੇ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੰਬਈ ਵਿਚ ਬਾਬਾ ਗੁਰਿੰਦਰ ਸਿੰਘ ਵਲੋਂ 5 ਤੋਂ 7 ਜਨਵਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਤੇ ਇਸ ਧਾਰਮਕ ਸਮਾਗਮ ਵਿਚ ਜਥੇਦਾਰਾਂ ਨੂੰ ਸ਼ਮੂਲੀਅਤ ਕਰਨ ਦਾ ਸੱਦਾ ਦਿਤਾ ਗਿਆ। ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ 

ਜਥੇਦਾਰ ਗਿ. ਕੁਲਵੰਤ ਸਿੰਘ ਤੋਂ ਇਲਾਵਾ ਚਾਰ ਤਖ਼ਤਾਂ ਦੇ ਜਥੇਦਾਰਾਂ ਨੇ ਇਸ ਸਮਾਗਮ ਵਿਚ ਸ਼ਮੂਲੀਅਤ ਕੀਤੀ ਤੇ ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਜਿਸ ਤਰੀਕੇ ਨਾਲ ਮਰਿਆਦਾ ਦਾ ਘਾਣ ਕੀਤਾ, ਉਸ ਨੂੰ ਲੈ ਕੇ ਸੰਗਤ ਵਿਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿਚ ਕੋਈ ਵੀ ਪਤਿਤ ਕੀਤਰਨ ਨਹੀਂ ਕਰ ਸਕਦਾ ਪਰ ਉਸ ਸਮਾਗਮ ਵਿਚ ਤਾਂ ਗਾਇਕ ਮੀਕਾ ਨੇ ਕੀਤਰਨ ਕੀਤਾ ਤੇ ਜਥੇਦਾਰ ਮੂਕ ਦਰਸ਼ਕ ਬਣੇ ਰਹੇ।
ਉਨ੍ਹਾਂ ਕਿਹਾ ਕਿ ਕੋਈ ਸਮਾਂ ਹੁੰਦਾ ਸੀ ਕਿ ਜਥੇਦਾਰ ਸਿਮਰਨ ਕਰਦੇ ਹੁੰਦੇ ਸਨ ਤੇ ਸੰਗਤ ਉਨ੍ਹਾਂ ਦੇ ਸਿਮਰਨ ਵੇਖ ਕੇ ਸਤਿਕਾਰ ਕਰਦੀਆਂ ਸਨ ਪਰ ਅੱਜ ਸਿਰਮਨ ਦੀ ਥਾਂ ਲਿਫ਼ਾਫ਼ਾ ਕਲਚਰ ਭਾਰੂ ਹੋ ਗਿਆ ਹੈ ਤੇ ਲਿਫ਼ਾਫ਼ੇ ਕਲਚਰ ਕਾਰਨ ਜਥੇਦਾਰ ਮਰਿਆਦਾ ਹੀ ਭੁੱਲ ਗਏ ਹਨ ਤੇ ਇਨ੍ਹਾਂ ਨੇ ਸਿੱਖੀ ਵੇਚ ਛੱਡੀ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਸ ਸਮਾਗਮ ਵਿਚ ਹਿੱਸਾ ਲੈਣ ਵਾਲੇ ਜਥੇਦਾਰਾਂ ਦਾ ਬਾਈਕਾਟ ਕਰੇ।