ਹਿਮਾਚਲ ਅਤੇ ਉੜੀਸਾ ਵਿਚ ਵੀ ਲਾਗੂ ਹੋਇਆ ਆਨੰਦ ਮੈਰਿਜ ਐਕਟ

ਪੰਥਕ, ਪੰਥਕ/ਗੁਰਬਾਣੀ



ਪਟਿਆਲਾ/ਨਵੀਂ ਦਿੱਲੀ, 20 ਸਤੰਬਰ (ਜਗਤਾਰ ਸਿੰਘ/ਸੁਖਰਾਜ ਸਿੰਘ) : ਹਿਮਾਚਲ ਪ੍ਰਦੇਸ਼ ਤੇ ਉੜੀਸਾ ਪੰਜਵੇਂ ਤੇ ਛੇਵੇਂ ਅਜਿਹੇ ਸੂਬੇ ਬਣ ਗਏ ਹਨ ਜਿਥੇ ਆਨੰਦ ਮੈਰਿਜ ਐਕਟ ਲਾਗੂ ਹੋ ਗਿਆ ਹੈ। ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਹੈ।

ਸ. ਸਿਰਸਾ ਨੇ ਦਸਿਆ ਕਿ ਉਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਸਰਕਾਰ ਤੇ ਉੜੀਸਾ ਸਰਕਾਰ ਨੇ ਸੂਚਿਤ ਕੀਤਾ ਹੈ ਕਿ ਉਨ੍ਹਾਂ ਦੇ ਰਾਜਾਂ ਵਿਚ ਆਨੰਦ ਮੈਰਿਜ ਐਕਟ ਲਾਗੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਇਹ ਐਕਟ ਦੇਸ਼ ਦੇ ਸਾਰੇ ਰਾਜਾਂ ਵਿਚ ਲਾਗੂ ਕਰਵਾਉਣ ਲਈ ਯਤਨਸ਼ੀਲ ਹਨ। ਇਹ ਐਕਟ ਪੰਜਾਬ, ਹਰਿਆਣਾ, ਝਾਰਖੰਡ ਤੇ ਮੇਘਾਲਿਆ ਵਿਚ ਲਾਗੂ ਹੋ ਚੁੱਕਾ ਹੈ ਜਦਕਿ ਦਿੱਲੀ, ਬਿਹਾਰ, ਯੂ. ਪੀ. ਉਤਰਾਖੰਡ ਤੇ ਆਸਾਮ ਵਿਚ ਇਸ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਚਲ ਰਹੀ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਰਾਜਾਂ ਵਿਚ ਇਹ ਐਕਟ ਲਾਗੂ ਹੋਣ ਸਦਕਾ ਹੁਣ ਇਨ੍ਹਾਂ ਰਾਜਾਂ ਵਿਚ ਰਹਿੰਦੇ ਸਿੱਖ ਅਪਣੇ ਵਿਆਹਾਂ ਦੀ ਰਜਿਸਟਰੇਸ਼ਨ ਇਸ ਐਕਟ ਤਹਿਤ ਕਰਵਾ ਸਕਣਗੇ। ਉਨ੍ਹਾਂ ਕਿਹਾ ਕਿ ਇਹ ਐਕਟ ਉਨ੍ਹਾਂ ਸਿੱਖਾਂ ਲਈ ਜ਼ਿਆਦਾ ਲਾਹੇਵੰਦ ਸਾਬਤ ਹੋਵੇਗਾ ਜੋ ਵਿਦੇਸ਼ ਜਾਂਦੇ ਹਨ ਕਿਉਂਕਿ ਇਨ੍ਹਾਂ ਨੂੰ ਇਸ ਐਕਟ ਤਹਿਤ ਵਿਆਹ ਰਜਿਸਟਰਡ ਨਾ ਹੋਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।