ਹੋਲਾ ਮਹੱਲਾ ਦਾ ਪਹਿਲਾ ਪੜਾਅ ਕੀਰਤਪੁਰ ਸਾਹਿਬ ਵਿਖੇ ਸ਼ਾਨੋ-ਸ਼ੌਕਤ ਨਾਲ ਸਮਾਪਤ

ਪੰਥਕ, ਪੰਥਕ/ਗੁਰਬਾਣੀ

ਕੀਰਤਪੁਰ ਸਾਹਿਬ, 27 ਫ਼ਰਵਰੀ  (ਸੁਖਚੈਨ ਸਿੰਘ ਰਾਣਾ): ਖ਼ਾਲਸਾ ਪੰਥ ਦੀ ਸ਼ਾਨ ਅਤੇ ਜਾਹੋ ਜਲਾਲ ਦਾ ਪ੍ਰਤੀਕ ਕੌਮੀ ਤਿਉਹਾਰ ਹੋਲਾ ਮਹੱਲਾ ਦੇ ਪਹਿਲੇ ਪੜਾਅ ਦੇ ਤੀਸਰੇ ਦਿਨ ਕੀਰਤਪੁਰ ਸਾਹਿਬ ਵਿਖੇ ਸਮਾਪਤੀ ਹੋ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪਿਛਲੇ ਤਿੰਨ ਦਿਨਾਂ ਤੋਂ ਚਲ ਰਹੇ ਮੇਲੇ ਦੀ ਸੰਪੂਰਨਤਾ ਸਬੰਧੀ ਚਲ ਰਹੇ ਅਖੰਡ ਪਾਠ ਸਾਹਿਬ ਦੇ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਵਿਖੇ ਭੋਗ ਪਾਏ ਗਏ। ਇਸ ਦੌਰਾਨ ਪਹਿਲਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਫੂਲਾ ਸਿੰਘ ਵਲੋਂ ਹੋਲਾ ਮਹੱਲਾ ਦੀ ਕੀਰਤਪੁਰ ਸਾਹਿਬ ਵਿਖੇ ਸੰਪੂਰਨਤਾ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਦੌਰਾਨ ਹਜ਼ੂਰੀ ਰਾਗੀ ਭਾਈ ਬਲਜਿੰਦਰ ਸਿੰਘ ਵਲੋਂ ਅਪਣੇ ਜਥੇ ਸਮੇਤ ਰਸ ਭਿੰਨਾ ਕੀਰਤਨ ਕਰ ਕੇ ਆਈਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਇਸ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਅਨੀ ਰਘਵੀਰ ਸਿੰਘ ਵਲੋਂ ਦੂਰ ਦੁਰਾਡੇ ਤੋਂ ਗੁਰੂ ਘਰ ਨਤਮਸਤਕ ਹੋਣ ਆਈਆਂ ਸੰਗਤਾਂ ਦਾ ਧਨਵਾਦ ਕੀਤਾ। 

ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨੌਜਵਾਨ ਮੇਲੇ ਦੌਰਾਨ ਦਸਤਾਰ ਸਜਾ ਕੇ ਆਉਣ। ਇਸ ਦੌਰਾਨ ਉਨ੍ਹਾਂ ਦਸਿਆ ਕਿ ਹੋਲਾ ਮਹੱਲਾ ਦਾ ਛੇ ਦਿਨਾਂ ਤਿਉਹਾਰ ਦੋ ਪੜਾਵਾਂ ਵਿਚ ਮਨਾਇਆ ਜਾਂਦਾ ਹੈ, ਜਿਸ ਵਿਚ ਪਹਿਲੇ ਤਿੰਨ ਦਿਨ ਕੀਰਤਪੁਰ ਸਾਹਿਬ ਅਤੇ ਅੰਤਮ ਤਿਨ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਮਨਾਇਆ ਜਾਂਦਾ ਹੈ।ਹੋਲਾ ਮਹੱਲਾ ਵਿਚ ਜਿਥੇ ਸ਼ਰਧਾਲੂ ਦੁਨੀਆਂ ਦੇ ਕੋਨੇ ਕੋਨੇ ਤੋਂ ਗੁਰੂ ਘਰਾਂ ਵਿਚ ਨਤਮਸਤਕ ਹੋਣ ਲਈ ਆਉਂਦੇ ਹਨ, ਉਨ੍ਹਾਂ ਨਾਲ ਆਉਣ ਵਾਲੇ ਕਈ ਨੌਜਵਾਨ ਅਕਸਰ ਹੁਲੜਬਾਜ਼ੀ ਕਰਦੇ ਪਾਏ ਜਾਂਦੇ ਸਨ, ਪਰ ਇਸ ਵਾਰ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀ ਆਈ ਪੀ ਐਸ ਗੁਰਨੀਤ ਤੇਜ ਅਤੇ ਜ਼ਿਲ੍ਹਾ ਪੁਲਿਸ ਮੁਖੀ ਪੀ.ਪੀ.ਐਸ. ਰਾਜ ਬਚਨ ਸਿੰਘ ਸੰਧੂ ਦੇ ਦਿਖੇ ਨਿਰਦੇਸ਼ਾਂ ਨੂੰ ਹੇਠਲੇ ਪੱਧਰ 'ਤੇ ਸਖ਼ਤੀ ਨਾਲ ਲਾਗੂ ਕੀਤਾ ਗਿਆ ਜਿਸ ਦੇ ਸਿੱਟੇ ਵਜੋਂ ਇਸ ਵਾਰ ਮੋਟਰਸਾਈਕਲਾਂ ਦੇ ਖੁਲ੍ਹੇ ਸਾਇਲੈਂਸਰ, ਟਰੈਕਟਰਾਂ ਤੇ ਉਚੀ ਆਵਾਜ਼ ਵਾਲੇ ਜੰਤਰਾਂ ਦੀ ਮੇਲੇ 'ਚ ਸ਼ਮੂਲੀਅਤ ਨਾ ਮਾਤਰ ਦਿਖਾਈ ਦਿਤੀ। ਹੋਲਾ ਮਹਲਾ ਦੌਰਾਨ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਥਾਨਕ ਅਤੇ ਬਾਹਰੋਂ ਆਈ ਸੰਗਤ ਵਲੋਂ ਕੀਰਤਪੁਰ ਸਾਹਿਬ ਵਿਖੇ ਵੱਖ-ਵੱਖ ਥਾਵਾਂ 'ਤੇ ਲੰਗਰਾਂ ਦਾ ਖ਼ਾਸ ਪ੍ਰਬੰਧ ਕੀਤਾ ਗਿਆ।