ਹੋਲਾ ਮਹੱਲਾ ਸੰਪੰਨ - ਅਖ਼ੀਰਲੇ ਦਿਨ ਸ਼੍ਰੋਮਣੀ ਕਮੇਟੀ ਅਤੇ ਨਿਹੰਗ ਸਿੰਘਾਂ ਨੇ ਕਢਿਆ ਮਹੱਲਾ

ਪੰਥਕ, ਪੰਥਕ/ਗੁਰਬਾਣੀ

ਸ੍ਰੀ ਆਨੰਦਪੁਰ ਸਾਹਿਬ, 3 ਮਾਰਚ (ਸੁਵਿੰਦਰਪਾਲ ਸਿੰਘ ਸੁੱਖੂ):   25 ਫ਼ਰਵਰੀ ਤੋਂ 2 ਮਾਰਚ ਤਕ ਚਲਿਆ ਹੋਲਾ ਮਹੱਲਾ ਸ਼ਾਨੋ ਸ਼ੋਕਤ ਨਾਲ ਸੰਪੰਨ ਹੋ ਗਿਆ। ਹੋਲੇ ਮਹੱਲੇ ਦੇ ਅਖ਼ੀਰਲੇ ਦਿਨ ਵੀ ਸੰਗਤ ਦਾ ਇਕੱਠ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੂਰੇ ਜੋਸ਼ ਵਿਚ ਵੇਖਿਆ ਗਿਆ। ਹੋਲੇ ਮਹੱਲੇ ਦੌਰਾਨ ਸੰਗਤ ਦੀ ਰੀਕਾਰਡਤੋੜ ਆਮਦ ਰਹੀ। ਸ਼੍ਰੋਮਣੀ ਕਮੇਟੀ ਵਲੋਂ ਭਾਵੇਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ ਪਰ ਸੰਗਤ ਦੀ ਬੇ-ਅਥਾਹ ਆਮਦ ਤੇ ਜੋਸ਼ ਅੱਗੇ ਕਿਸੇ ਦੀ ਵੀ ਪੇਸ਼ ਨਾ ਆਈ। ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ, ਗੁ: ਸੀਸਗੰਜ ਸਾਹਿਬ, ਗੁ: ਭੋਰਾ ਸਾਹਿਬ, ਕਿਲ੍ਹਾ ਆਨੰਦਗੜ੍ਹ ਸਾਹਿਬ, ਗੁ: ਭਾਈ ਜੈਤਾ ਜੀ, ਕਿਲ੍ਹਾ ਫ਼ਤਿਹਗੜ੍ਹ ਸਾਹਿਬ, ਗੁ: ਹੋਲਗੜ੍ਹ ਸਾਹਿਬ, ਗੁ: ਸ਼ਹੀਦੀ ਬਾਗ ਆਦਿ ਹੋਰ ਕਈ ਗੁਰਦਵਾਰਿਆਂ ਵਿਖੇ ਕੀਤੀ ਗਈ ਸੁੰਦਰ ਦੀਪਮਾਲਾ ਸੰਗਤ ਦੀ ਖਿੱਚ ਬਣੀ ਰਹੀ। ਇਸ ਦੌਰਾਨ ਸਿੱਖ ਮਿਸ਼ਨਰੀ ਕਾਲਜ, ਸਟੱਡੀ ਸਰਕਲ ਤੇ ਹੋਰ ਸੰਸਥਾਵਾਂ ਵਲੋਂ ਵੀ ਸਿੱਖ ਧਰਮ ਨਾਲ ਸਬੰਧਤ ਪੁਸਤਕਾਂ ਦੇ ਸਟਾਲ ਲਗਾ ਕੇ ਧਰਮ ਪ੍ਰਚਾਰ ਵਿਚ ਪੂਰਾ ਯੋਗਦਾਨ ਪਾਇਆ ਗਿਆ। ਹੋਲੇ ਮਹੱਲੇ ਦੇ ਅਖ਼ੀਰਲੇ ਦਿਨ 

ਸ਼੍ਰੋਮਣੀ ਕਮੇਟੀ ਅਤੇ ਬੁਢਾ ਦਲ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਿਚ ਮਹੱਲਾ ਕਢਿਆ ਗਿਆ ਜਿਸ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਅਕਾਲ ਤਖ਼ਤ ਦੇ ਜਥੇਦਾਰ ਗਿ: ਗੁਰਬਚਨ ਸਿੰਘ, ਗਿ: ਰਘਬੀਰ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗਿ: ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ, ਬਾਬਾ ਹਰਨਾਮ ਸਿੰਘ ਖ਼ਾਲਸਾ ਭਿੰਡਰਾਂ ਵਾਲੇ, ਪਰਮਜੀਤ ਸਿੰਘ ਸਰੋਆ ਇੰਚਾਰਜ ਸੱਬ ਦਫ਼ਤਰ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਕਮੇਟੀ ਮੈਂਬਰ  ਪ੍ਰਿੰ: ਸੁਰਿੰਦਰ ਸਿੰਘ ਭਾਈ ਅਮਰਜੀਤ ਸਿੰਘ, ਮੈਨੇਜਰ ਰਣਜੀਤ ਸਿੰਘ, ਠੇਕੇਦਾਰ ਗੁਰਨਾਮ ਸਿੰਘ, ਮਨਜਿੰਦਰ ਸਿੰਘ ਬਰਾੜ, ਸੂਚਨਾ ਅਫ਼ਸਰ ਹਰਦੇਵ ਸਿੰਘ ਹੈਪੀ ਸਮੇਤ ਧਾਰਮਕ ਤੇ ਰਾਜਸੀ ਆਗੂਆਂ ਅਤੇ ਨਿਹੰਗ ਸਿੰਘ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ।