ਹੋਲੇ-ਮਹੱਲੇ ਦਾ ਦੂਜਾ ਦਿਨ, ਲੱਖਾਂ ਸੰਗਤ ਗੁਰੂ ਘਰ ਹੋਈ ਨਤਮਸਤਕ

ਪੰਥਕ, ਪੰਥਕ/ਗੁਰਬਾਣੀ

ਸ੍ਰੀ ਆਨੰਦਪੁਰ ਸਾਹਿਬ, 1 ਮਾਰਚ (ਸੁਖਵਿੰਦਰਪਾਲ ਸਿੰਘ ਸੁੱਖੂ): ਅੱਜ ਹੋਲੇ ਮਹੱਲੇ ਦੇ ਦੂਜੇ ਦਿਨ ਵੱਡੀ ਤਾਦਾਦ ਵਿਚ ਸੰਗਤ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਮੇਤ ਹੋਰ ਗੁਰੂ ਘਰਾਂ ਵਿਚ ਮੱਥਾ ਟੇਕਿਆ। ਅੱਜ ਸਵੇਰ ਵੇਲੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੰਗਤ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਤਖ਼ਤ ਸਾਹਿਬ ਦੇ ਜਥੇਦਾਰ ਗਿ. ਰਘਬੀਰ ਸਿੰਘ ਨੇ ਹੋਲੇ ਮਹੱਲੇ ਦੇ ਪਾਵਨ ਇਤਹਾਸ ਤੋ ਸੰਗਤਾਂ ਨੂੰ ਜਾਣੂੰ ਕਰਵਾਇਆ। ਉਨਾਂ ਸਮੁੱਚੇ ਖਾਲਸਾ ਪੰਥ ਨੂੰ ਅਪੀਲ ਕੀਤੀ ਕਿ ਸਿਰਫ਼ ਤੇ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਅਪਣਾ ਗੁਰੂ ਮੰਨਿਆ ਜਾਵੇ। ਕਿਸੇ ਦੇਹਧਾਰੀ ਜਾਂ ਪਖੰਡੀਆਂ 

ਮਗਰ ਲਗ ਕੇ ਸਿੱਖੀ ਸਿਧਾਤਾਂ ਨੂੰ ਤਿਲਾਂਜਲੀ ਨਾ ਦਿਤੀ ਜਾਵੇ। ਉਨਾਂ ਕਿਹਾ ਕਿ ਇਸੇ ਪਾਵਨ ਅਸਥਾਨ ਤੇ ਗੁਰੂ ਸਾਹਿਬ ਨੇ ਪੰਜਾਂ ਪਿਆਰਿਆਂ ਦੀ ਸਾਜਨਾ ਕੀਤੀ ਤੇ ਸਮੁੱਚੇ ਸਿੱਖਾਂ ਨੂੰ ਅੰਮ੍ਰਿਤਧਾਰੀ ਹੋਣ ਦਾ ਹੁਕਮ ਕੀਤਾ। ਉਨਾਂ ਕੌਮ ਵਿਚ ਫੈਲ ਰਹੇ ਪਤਿਤਪੁਣੇ, ਨਸ਼ਿਆਂ ਤੇ ਹੋਰ ਅਲਾਮਤਾਂ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਹਰ ਸਿੱਖ ਨੂੰ ਪ੍ਰਚਾਰਕ ਬਣਨ ਦਾ ਹੋਕਾ ਦਿਤਾ ਤਾਕਿ ਕੌਮ ਦੀ ਚੜ੍ਹਦੀਕਲਾ ਹੋ ਸਕੇ। ਇਸ ਦੌਰਾਨ ਸ਼੍ਰੋਮਣੀ ਕਮੇਟੀ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਮੈਨੇਜਮੈਂਟ ਵਲੋਂ ਸੰਗਤ ਦੀ ਸਹੂਲਤ ਲਈ ਪੁਖਤਾ ਇੰਤਜ਼ਾਮ ਕੀਤੇ ਗਏ ਹਨ।