ਹੋਲੀ ਦਾ ਹੋਲੇ-ਮਹੱਲੇ ਨਾਲ ਕੋਈ ਸਬੰਧੀ ਨਹੀਂ

ਪੰਥਕ, ਪੰਥਕ/ਗੁਰਬਾਣੀ

ਟਾਂਗਰਾ, 3 ਮਾਰਚ (ਖ਼ਾਲਸਾ): ਗੁਰੂ ਗੋਬਿੰਦ ਸਿੰਘ ਜੀ ਵਲੋਂ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਖ਼ਾਲਸੇ ਦੀ ਸਾਜਨਾ ਕਰ ਕੇ ਸਦੀਆਂ ਤੋਂ ਲਤਾੜੇ ਹੋਏ ਗ਼ਰੀਬ ਅਤੇ ਦਲਿਤ ਲੋਕਾਂ ਨੂੰ ਗੁਲਾਮੀ ਤੋਂ ਮੁਕਤ ਕਰਨ ਲਈ ਖ਼ਾਲਸੇ ਨੂੰ ਹਥਿਆਰ ਬੰਦ ਕੀਤਾ। ਜਾਲਮ ਜਰਵਾਣਿਆਂ ਦਾ ਮੁਕਾਬਲਾ ਕਰਨ ਲਈ ਜੰਗ ਦਾ ਅਭਿਆਸ ਕਰਨ ਲਈ ਹੋਲਾ-ਮਹੱਲਾ ਆਰੰਭ ਕੀਤਾ। ਹੋਲੀ ਦਾ ਹੋਲੇ ਮਹੱਲੇ ਨਾਲ ਦੂਰ ਦਾ ਵੀ ਕੋਈ ਸਬੰਧ ਨਹੀਂ ਹੈ। ਹੋਲੀ ਸੰਸਕ੍ਰਿਤ ਦਾ ਸ਼ਬਦ ਹੈ, ਹੋਲਾ ਫ਼ਾਰਸੀ ਦਾ ਅਤੇ ਮਹੱਲਾ ਅਰਬੀ ਭਾਸ਼ਾ ਦਾ ਸ਼ਬਦ ਹੈ। ਹੋਲੇ ਦਾ ਅਰਥ ਹੱਲਾ ਬੋਲਣਾ ਅਤੇ ਮਹੱਲਾ ਜਿਸ ਥਾਂ 'ਤੇ ਹਮਲਾ ਕਰਨਾ ਹੈ। ਦੁਸ਼ਮਣਾਂ ਦਾ ਮੁਕਾਬਲਾ ਕਰਨ ਲਈ ਹਰ ਤਰ੍ਹਾਂ ਦੇ ਰਵਇਤੀ ਹਥਿਆਰਾਂ ਨਾਲ ਜੰਗੀ ਅਭਿਆਸ ਕੀਤਾ ਜਾਂਦਾ ਸੀ ਪਰ ਹੋਲੀਆਂ ਦੇ ਤਿਉਹਾਰ ਨੂੰ ਜਿਸ ਤਰ੍ਹਾਂ ਹੋਲੇ ਮਹੱਲੇ ਨਾਲ ਜੋੜ ਦਿਤਾ ਗਿਆ, ਉਸ ਨਾਲ ਹੋਲੇ-ਮਹੱਲੇ ਦੀ  ਵਿਲੱਖਣਤਾ ਖ਼ਤਮ ਹੁੰਦੀ ਜਾ ਰਹੀ ਹੈ। ਸਿੱਖ ਸੰਗਤ ਹੋਲੀਆਂ ਸ਼ੁਰੂ ਹੁੰਦਿਆਂ ਹੀ ਆਨੰਦਪੁਰ ਸਾਹਿਬ ਜਾਣਾ ਸ਼ੁਰੂ ਕਰ ਦਿੰਦੀਆਂ। ਸ਼ਰਧਾ ਭਾਵਨਾ ਰੱਖਣ ਵਾਲੇ ਗੁਰਸਿੱਖ ਰਸਤਿਆਂ ਵਿਚ ਲੰਗਰ ਲਗਾਉਣੇ ਸ਼ੁਰੂ ਕਰ ਦਿੰਦੇ ਹਨ ਪਰ ਇਸ ਵਾਰ ਲੰਗਰਾਂ ਦਾ ਇਕ ਨਵਾਂ ਰੀਕਾਰਡ ਬਣ ਗਿਆ। ਇਕ ਕਿਲੋ ਮੀਟਰ ਤੋਂ ਘੱਟ ਫ਼ਾਸਲੇ ਤੇ ਦੋ ਜਾਂ ਤਿੰਨ ਥਾਂ 'ਤੇ ਵੀ ਲੰਗਰ ਲੱਗੇ ਹੋਏ ਸਨ।