ਅੰਮ੍ਰਿਤਸਰ, 30 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪੰਜਾਬ ਸਰਕਾਰ ਵਲੋਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਬੁਤ ਲੁਧਿਆਣਾ ਵਿਖੇ ਸਥਾਪਤ ਕਰਨ ਦੀ ਵਿਰੋਧਤਾ ਕਰਦਿਆਂ ਇਸ ਸਬੰਧੀ ਲਏ ਫ਼ੈਸਲੇ ਨੂੰ ਰੱਦ ਕਰਨ ਲਈ ਕਿਹਾ ਹੈ। ਪੱਤਰਕਾਰ ਸੰਮੇਲਨ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇੰਦਰਾ ਗਾਂਧੀ ਦਾ ਬੁਤ ਲਾਉਣ ਨਾਲ ਸ਼ਾਂਤ ਮਾਹੌਲ ਖ਼ਰਾਬ ਹੋਣ ਦਾ ਡਰ ਹੈ। ਜਥੇਦਾਰ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਉਹ ਇਸ ਸਬੰਧੀ ਮੁੜ ਵਿਚਾਰ ਕਰੇ ਅਤੇ ਜੇ ਇਹ ਫ਼ੈਸਲਾ ਰੱਦ ਨਾ ਕੀਤਾ ਗਿਆ ਤਾਂ ਹਲਾਤ ਅਸ਼ਾਂਤ ਹੋ ਸਕਦੇ ਹਨ ਜਿਸ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਤੇ ਜਵਾਬਦੇਹ ਹੋਵੇਗੀ। ਜ਼ਿਕਰਯੋਗ ਹੈ ਕਿ 1984 'ਚ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ 'ਤੇ ਫ਼ੌਜੀ ਹਮਲਾ ਕਰ ਕੇ ਅਕਾਲ ਤਖ਼ਤ ਨੂੰ ਢਹਿ-ਢੇਰੀ ਕਰ ਦਿਤਾ ਸੀ। ਸਿੱਖ ਆਗੂਆਂ ਦੇ ਆਰਐਸਐਸ ਵਲੋਂ ਦਿੱਲੀ ਵਿਚ ਕਰਵਾਏ ਗਏ ਸਮਾਗਮ 'ਚ ਸ਼ਾਮਲ ਹੋਣ ਸਬੰਧੀ ਜਥੇਦਾਰ ਨੇ ਕਿਹਾ ਕਿ ਇਸ ਵਿਰੁਧ ਕੁੱਝ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਇਸ ਸਬੰਧੀ ਫ਼ੈਸਲਾ ਪੰਜ ਜਥੇਦਾਰਾਂ ਦੀ ਮੀਟਿੰਗ ਵਿਚ ਲਿਆ ਜਾਵੇਗਾ।
ਜਥੇਦਾਰ ਨੇ ਆਰਐਸਐਸ ਨਾਲ ਸਿੱਖ ਮਸਲਿਆਂ ਪ੍ਰਤੀ ਗੱਲਬਾਤ ਕਰਨ ਬਾਰੇ ਦਸਿਆ ਕਿ ਆਰਐਸਐਸ ਵਲੋਂ ਦੋ ਵਾਰ ਅਕਾਲ ਤਖ਼ਤ ਨਾਲ ਸੰਪਰਕ ਕੀਤਾ ਹੈ ਜਿਸ ਦੇ ਜਵਾਬ ਵਿਚ ਪੰਜ ਮੈਂਬਰੀ ਕਮੇਟੀ ਨੇ ਕੁੱਝ ਪ੍ਰਸ਼ਨਾਂ ਦੇ ਉਤਰ ਰਾਸ਼ਟਰੀ ਸਵੈਮ ਸੇਵਕ ਸੰਘ ਕੋਲੋਂ ਮੰਗੇ ਹਨ ਜਿੰਨ੍ਹਾਂ ਵਿਚ ਸਜਾਏ ਗਏ ਨਗਰ ਕੀਰਤਨ, ਸਿੱਖੀ ਸਿਧਾਂਤ, ਸਿੱਖ ਵਖਰੀ ਕੌਮ ਨਾਲ ਸਬੰਧਤ ਤੇ ਕੁੱਝ ਹੋਰ ਹਨ। ਪ੍ਰਸ਼ਨਾਂ ਦੇ ਉਤਰ ਆਉਣ ਤੇ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਹੀ ਮਤਭੇਦਾਂ ਪ੍ਰਤੀ ਗੱਲਬਾਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਸਿੱਖ ਆਗੂ ਸੰਤ ਗਿ. ਹਰਨਾਮ ਸਿੰਘ ਖ਼ਾਲਸਾ ਤੇ ਕੁੱਝ ਹੋਰ ਮਿਲੇ ਸਨ ਤਾਕਿ ਅਦਾਲਤੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਹੋ ਸਕੇ। ਉਹ ਆਰਐਸਐਸ ਰਾਹੀਂ ਅਪਣੀ ਨਿਜੀ ਜਾਣ-ਪਛਾਣ ਤਹਿਤ ਮਿਲੇ ਸਨ। ਨਵੰਬਰ 1984 'ਚ ਦਿੱਲੀ ਵਿਖੇ ਸਿੱਖ ਨਸਲਕੁਸ਼ੀ 'ਚ ਸ਼ਹੀਦ ਹੋਏ ਸਿੰਘਾਂ, ਸਿੰਘਣੀਆਂ ਅਤੇ ਭੁਝੰਗੀਆਂ ਦੀ ਯਾਦ ਵਿਚ ਕੈਨੇਡਾ ਦੀ ਸੰਗਤ ਅਤੇ ਸਭਾ ਸੁਸਾਇਟੀਆਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦੀ ਦਿਹਾੜਾ ਮਨਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਪੰਜਾਬੀ ਮਾਂ ਬੋਲੀ ਨਾਲ ਵਿਤਕਰਾ ਕਰਨ ਸਬੰਧੀ ਜਥੇਦਾਰ ਨੇ ਦਸਿਆ ਕਿ ਪਿਛਲੇ ਦਿਨੀ ਨੋਟਿਸ ਵਿਚ ਆਇਆ ਹੈ ਕਿ ਪੰਜਾਬ ਅੰਦਰ ਸਰਕਾਰੀ, ਅਰਧ ਸਰਕਾਰੀ, ਪ੍ਰਾਈਵੇਟ ਕੰਪਨੀਆਂ ਅਤੇ ਵਿਦਿਅਕ ਅਦਾਰਿਆਂ ਵਿਚ ਮਾਂ ਬੋਲੀ ਪੰਜਾਬੀ ਨੂੰ ਬਣਦਾ ਸਥਾਨ ਨਾ ਦੇਣ ਕਰ ਕੇ ਨੌਜਵਾਨਾਂ ਵਲੋਂ ਹਰ ਰਾਸ਼ਟਰੀ ਮਾਰਗਾਂ ਤੇ ਲੱਗੇ ਸੰਕੇਤਕ ਬੋਰਡ, ਜਿਨ੍ਹਾਂ ਵਿਚ ਪੰਜਾਬੀ ਭਾਸ਼ਾਂ ਨੂੰ ਤੀਜੇ ਨੰਬਰ 'ਤੇ ਦਰਸਾਇਆ ਗਿਆ ਜੋ ਕਿਸੇ ਵੀ ਹਲਾਤਾਂ ਦੇ ਅਨਕੂਲ ਨਹੀਂ। ਭਾਰਤ ਦੇ ਹਰ ਸੂਬੇ ਵਿਚ ਉਥੋਂ ਦੀ ਭਾਸ਼ਾਂ ਨੂੰ ਪਹਿਲੇ ਨੰਬਰ ਤੇ ਰਖਿਆ ਜਾਂਦਾ ਹੈ ਫਿਰ ਪੰਜਾਬ ਨਾਲ ਅਜਿਹਾ ਵਿਤਕਰਾ ਕਿਉਂ? ਉਨਾਂ ਪੰਜਾਬੀ ਭਾਸ਼ਾਂ ਨੂੰ ਯੋਗ ਸਥਾਨ ਦਿਵਾਉਣ ਲਈ ਨੌਜਵਾਨਾਂ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਰਾਜ ਭਾਸ਼ਾਂ ਮਾਂ ਬੋਲੀ ਪੰਜਾਬੀ ਨੂੰ ਸਰਕਾਰੀ, ਅਰਧ ਸਰਕਾਰੀ, ਦਫਤਰਾਂ, ਵਿਦਿਅਕ ਅਦਾਰਿਆਂ ਵਿਚ ਪਹਿਲ ਦੇ ਅਧਾਰ ਤੇ ਲਾਗੂ ਕਰੇ। ਵੋਟਾਂ ਲੈਣ ਸੌਦਾ ਸਾਧ ਦੇ ਡੇਰੇ ਗਏ ਕਾਂਗਰਸ ਆਗੂ ਬੀਬੀ ਰਾਜਿੰਦਰ ਕੌਰ ਭੱਠਲ, ਅਰਜਨ ਸਿੰਘ ਬਾਦਲ ਪੁੱਤਰ ਮਨਪ੍ਰੀਤ ਸਿੰਘ ਬਾਦਲ ਬਾਰੇ ਜਥੇਦਾਰ ਨੇ ਕਿਹਾ ਕਿ ਉਨ੍ਹਾਂ ਪੱਤਰ ਰਾਹੀਂ ਸਪੱਸ਼ਟੀਕਰਨ ਦੇਣ ਦਾ ਵਾਅਦਾ ਕੀਤਾ ਹੈ।