ਇਤਿਹਾਸਕ ਗੁਰਦਵਾਰਿਆਂ ਦੇ 'ਨਕਸ਼ੇ' ਮੰਗਣ ਨਾਲ ਛਿੜੀ ਨਵੀਂ ਬਹਿਸ

ਪੰਥਕ, ਪੰਥਕ/ਗੁਰਬਾਣੀ

ਅੰਮ੍ਰਿਤਸਰ, 17 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਭਾਈ ਤਰਸੇਮ ਸਿੰਘ ਖ਼ਾਲਸਾ ਸਾਬਕਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ  ਮਨਜਿੰਦਰ ਸਿੰਘ ਸਿਰਸਾ ਵਲੋਂ ਹਰਿਦੁਆਰ ਵਿਖੇ ਗੁਰਦੁਆਰਾ ਗਿਆਨ ਗੋਦੜੀ ਦੇ ਨਕਸ਼ੇ ਦੀ ਕੀਤੀ ਗੱਲ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਕਿਹਾ ਕਿ ਸਿਰਸਾ ਸਪੱਸ਼ਟ ਕਰੇ ਕਿ ਕਿਹੜਾ ਗੁਰਦੁਆਰਾ ਵਿਸ਼ੇਸ਼ ਨਕਸ਼ਾ ਬਣਾ ਕੇ ਉਸਾਰਿਆ ਗਿਆ ਹੈ।

ਭਾਈ ਖ਼ਾਲਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸਿਰਸਾ ਨੂੰ ਦਲ ਦੇ ਬੁਲਾਰੇ ਦਾ ਫੀਤੀ ਲਾ ਕੇ ਝੂਠ ਬੋਲਣ ਦਾ ਲਾਇਸੰਸ ਦੇ ਦਿਤਾ ਹੈ ਅਤੇ ਸਿਰਸਾ ਨੂੰ ਸ਼ਾਇਦ ਨਹੀਂ ਪਤਾ ਕਿ ਜਦੋਂ ਗਿਆਨ ਗੋਦੜੀ ਸਾਹਿਬ ਗੁਰਦਵਾਰੇ ਦੀ ਉਸਾਰੀ ਕੀਤੀ ਸੀ ਤਾਂ ਉਸ ਸਮੇਂ ਕੋਈ ਨਕਸ਼ਾ ਨਹੀਂ ਬਣਾਇਆ ਗਿਆ ਸੀ ਸਗੋਂ ਸਿੱਖਾਂ ਨੇ ਭਾਵਨਾ ਅਨੁਸਾਰ ਗੁਰਦੁਆਰੇ ਦੀ ਉਸਾਰੀ ਕੀਤੀ ਸੀ। ਗਿਆਨ ਗੋਦੜੀ ਸਾਹਿਬ ਦੀ ਉਸਾਰੀ ਬਾਰੇ ਸਿਰਸਾ ਤੇ ਉਸ ਦੇ ਸਾਥੀ ਸੰਗਤਾਂ ਨੂੰ ਸਪੱਸ਼ਟ ਕਰਨ ਕਿ ਉਨ੍ਹਾਂ ਨੇ ਉਥੇ ਭਾਜਪਾ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਕਿਹੜੀ ਪ੍ਰਾਪਤੀ ਕੀਤੀ ਹੈ? ਕੀ ਗੁਰਦੁਆਰਾ ਬੰਗਲਾ ਸਾਹਿਬ ਤੇ ਸੀਸ ਗੰਜ ਸਾਹਿਬ ਦਾ ਕੋਈ ਨਕਸ਼ਾ ਬਣਿਆ ਹੈ?

ਗੁਰਦੁਆਰਾ ਗਿਆਨ ਗੋਦੜੀ ਦੇ ਨਕਸ਼ੇ ਦੀ ਬੇਲੋੜੀ ਬਿਆਨਬਾਜ਼ੀ ਕਰ ਕੇ ਸਿਰਸਾ ਅਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਹੈ ਤੇ ਹੁਣ ਤਕ ਗਿਆਨ ਗੋਦੜੀ ਦੇ ਮੁੱਦੇ 'ਤੇ ਲੱਖਾਂ ਰੁਪਏ ਗੁਰੂ ਦੀ ਗੋਲਕ ਵਿਚੋਂ ਖ਼ਰਚ ਕੀਤੇ ਜਾ ਚੁੱਕੇ ਹਨ ਪਰ ਪ੍ਰਾਪਤੀ ਨਾਂਹ ਦੇ ਬਰਾਬਰ ਹੋਈ ਹੈ। ਸਿਰਸਾ ਬੇਲੋੜੀ ਬਿਆਨਬਾਜ਼ੀ ਕਰ ਕੇ ਸੰਗਤਾਂ ਦੇ ਮਜ਼ਾਕ ਦਾ ਪਾਤਰ ਨਾ ਬਣੇ ਸਗੋਂ ਲੁੱਟੀ ਜਾ ਰਹੀ ਗੁਰੂ ਦੀ ਗੋਲਕ ਦੇ ਬਚਾਅ ਲਈ ਕਾਰਜ ਕਰੇ। ਬਾਦਲਾਂ ਨੇ ਪਹਿਲਾਂ ਪੰਜਾਬ ਸਰਕਾਰ ਦਾ ਖ਼ਜ਼ਾਨਾ ਖ਼ਾਲੀ ਕੀਤਾ ਤੇ ਹੁਣ ਦਿੱਲੀ ਕਮੇਟੀ ਦੇ ਖ਼ਜ਼ਾਨੇ ਨੂੰ ਦੋਵੇਂ ਹੱਥੀਂ ਲੁੱਟਿਆ ਜਾ ਰਿਹਾ ਹੈ ਜਿਸ ਕਰ ਕੇ ਅੱਜ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣ ਜੋਗੇ ਵੀ ਫ਼ੰਡ ਨਹੀਂ ਬਚੇ ਤੇ ਵਿਕਾਸ ਕਾਰਜ ਕਰਨੇ ਤਾਂ ਚਿੱਟੇ ਦਿਨ ਸੁਫ਼ਨੇ ਲੈਣ ਵਾਂਗ ਹੈ।