ਅੰਮ੍ਰਿਤਸਰ, 23 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਸੂਬਾ ਕੋਰ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਦੀ ਪ੍ਰਧਾਨਗੀ ਹੇਠ ਮੁੱਖ ਦਫ਼ਤਰ ਸ਼ਹੀਦ ਅੰਗਰੇਜ਼ ਸਿੰਘ ਬਾਕੀਪੁਰ ਯਾਦਗਾਰ ਭਵਨ ਨਜ਼ਦੀਕ ਬਾਬਾ ਨੋਧ ਸਿੰਘ ਦੀ ਸਮਾਧ ਵਿਖੇ ਹੋਈ। ਮੀਟਿੰਗ ਵਿਚ ਲਏ ਫ਼ੈਸਲਿਆਂ ਦੀ ਜਾਣਕਾਰੀ ਪ੍ਰੈਸ ਨੂੰ ਦਿੰਦਿਆਂ ਜਰਨਲ ਸਕੱਤਰ ਸਵਿੰਦਰ ਸਿੰਘ ਚੁਤਾਲਾ ਨੇ ਦਸਿਆ ਕਿ ਪੰਜਾਬ ਭਰ ਦੇ ਹਜ਼ਾਰਾਂ ਪਿੰਡਾਂ ਵਿਚ ਕਿਸਾਨਾਂ ਮਜ਼ਦੂਰਾਂ ਦੀ ਪਰਵਾਰਾਂ ਸਮੇਤ 14 ਸਾਲ ਦੀ ਉਮਰ ਤੋਂ ਉਪਰ ਮੈਂਬਰਸ਼ਿਪ ਕਿਸਾਨ ਕਮੇਟੀਆਂ ਕਰ ਰਹੀਆਂ ਹਨ ਜੋ 80 ਫ਼ੀ ਸਦੀ ਹੁਣ ਤਕ ਮੁਕੰਮਲ ਹੋ ਚੁੱਕੀ ਹੈ। ਕਿਸਾਨ ਆਗੂ ਨੇ ਦਸਿਆ ਕਿ 15 ਜਨਵਰੀ 2018 ਤਕ 1 ਲੱਖ ਮੈਂਬਰਸ਼ਿਪ ਪੂਰੀ ਹੋਣ ਦੀ ਸੰਭਾਵਨਾ ਹੈ ਤੇ ਪਿੰਡ ਇਕਾਈਆਂ ਦੀ ਚੋਣ ਤੇ 25 ਮੈਂਬਰਾਂ ਪਿੱਛੇ ਇਕ ਡੈਲੀਕੇਟ ਦੀ ਚੋਣ, 31 ਜਨਵਰੀ ਤਕ ਮੁਕੰਮਲ ਕਰ ਕੇ ਫ਼ਰਵਰੀ ਵਿਚ ਜ਼ੋਨ ਤੇ ਜ਼ਿਲ੍ਹਾ ਕਮੇਟੀਆਂ ਤੇ ਮਾਰਚ ਵਿਚ ਸੂਬੇ ਦੀ ਚੋਣ
ਜ਼ਿਲ੍ਹਿਆਂ ਵਿਚੋਂ ਚੁਣ ਕੇ ਆਏ ਡੈਲੀਕੇਟ ਕਰਨਗੇ। ਕਿਸਾਨ ਆਗੂਆਂ ਨੇ ਦਸਿਆ ਕਿ ਮੀਟਿੰਗ ਵਿਚ ਕੈਪਟਨ ਸਰਕਾਰ ਵਲੋਂ ਜਨਤਾ ਦੇ ਜਮਹੂਰੀ ਹੱਕਾਂ ਦਾ ਘਾਣ ਕਰਨ ਲਈ ਲਾਗੂ ਕੀਤਾ ਨਿਜੀ ਤੇ ਸਰਕਾਰੀ ਜਾਇਦਾਦ ਨੁਕਸਾਨ ਰੋਕੂ ਐਕਟ 2014 (ਕਾਲਾ ਕਾਨੂੰਨ) ਤੇ ਪਕੋਕਾ ਕਾਨੂੰਨ ਲਿਆਉਣ ਦੀਆਂ ਤਿਆਰੀਆਂ ਦਾ ਸਖ਼ਤ ਵਿਰੋਧ ਕੀਤਾ ਗਿਆ ਤੇ ਤਿੱਖਾਂ ਸੰਘਰਸ਼ ਲੜਨ ਦਾ ਫ਼ੈਸਲਾ ਕੀਤਾ ਗਿਆ। ਟਰੈਕਟਰਾਂ 'ਤੇ 30,000 ਰੁਪਏ ਸਾਲਾਨਾ ਟੈਕਸ ਲਾਉਣ ਤੇ ਕੀਤੇ ਜਾ ਰਹੇ ਕਿਸਾਨ ਵਿਰੋਧੀ ਫ਼ੈਸਲਿਆਂ ਦਾ ਮਤਾ ਪਾਸ ਕਰ ਕੇ ਵਿਰੋਧ ਕੀਤਾ ਗਿਆ ਤੇ ਕਿਸਾਨਾਂ ਨੂੰ ਤਿੱਖੇ ਸੰਘਰਸ਼ਾਂ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਤੇ ਜ਼ੋਰਦਾਰ ਮੰਗ ਕੀਤੀ ਗਈ ਕਿ ਕੈਪਟਨ ਸਰਕਾਰ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖ਼ਤਮ ਕਰਨ ਸਮੇਤ ਸਾਰੇ ਚੋਣ ਵਾਅਦੇ ਪੂਰੇ ਕਰੇ। ਇਸ ਮੌਕੇ ਕਿਸਾਨ ਆਗੂ ਸਰਵਨ ਸਿੰਘ ਪੰਧੇਰ, ਸੁਖਵਿੰਦਰ ਸਿੰਘ ਸਭਰਾਂ, ਹਰਪ੍ਰੀਤ ਸਿੰਘ ਸਿਧਵਾ, ਜਸਬੀਰ ਸਿੰਘ ਪਿੱਦੀ, ਗੁਰਲਾਲ ਸਿੰਘ ਪੰਡੋਰੀ, ਗੁਰਬਚਨ ਸਿੰਘ ਚੱਬਾ ਵੀ ਮੀਟਿੰਗ ਵਿਚ ਹਾਜ਼ਰ ਸਨ।