'ਜਥੇਦਾਰ ਦੇ ਫ਼ੈਸਲਿਆਂ ਨੇ ਅਕਾਲ ਤਖ਼ਤ ਨੂੰ ਲਾਇਆ ਖੋਰਾ'

ਪੰਥਕ, ਪੰਥਕ/ਗੁਰਬਾਣੀ

ਤਰਨਤਾਰਨ, 22 ਜਨਵਰੀ (ਚਰਨਜੀਤ ਸਿੰਘ): ਗਿ. ਗੁਰਬਚਨ ਸਿੰਘ ਵਲੋਂ ਅਕਾਲ ਤਖ਼ਤ ਦੇ ਨਾਂਅ ਹੇਠ ਕੀਤੇ ਜਾ ਰਹੇ ਫ਼ੈਸਲਿਆਂ ਨੇ ਅਕਾਲ ਤਖ਼ਤ ਦੀ ਸੰਸਥਾ ਨੂੰ ਖੋਰਾ ਲਾਇਆ ਹੈ। ਸਿੱਖ ਇਸ ਨੂੰ ਬਾਦਲ ਅਕਾਲੀ ਦਲ ਦਾ ਇਕ ਯੂਨਿਟ ਕਹਿਣ ਲੱਗ ਪਏ ਹਨ। ਸਿੱਖ ਹੁਣ ਇਸ ਦੇ ਹੁਕਮਨਾਮਿਆਂ ਤੋਂ ਜ਼ਰਾ ਵੀ ਨਹੀਂ ਡਰਦੇ। ਡਾ. ਹਰਜਿੰਦਰ ਸਿੰਘ ਦਿਲਗੀਰ ਵਲੋਂ ਗਿ. ਗੁਰਬਚਨ ਸਿੰਘ ਦੇ ਹੁਕਮਨਾਮੇ ਨੂੰ ਅਦਾਲਤ ਵਿਚ ਚੁਨੌਤੀ ਦੇਣ ਮਗਰੋਂ ਹੁਣ ਇਸ ਸੰਸਥਾ ਦਾ ਇਹ ਦਾਅਵਾ ਵੀ ਖ਼ਤਮ ਹੋ ਗਿਆ ਹੈ ਕਿ ਇਸ ਦੇ ਹੁਕਮਾਂ ਨੂੰ ਚੁਨੌਤੀ ਨਹੀਂ ਦਿਤੀ ਜਾ ਸਕਦਾ ਜਾਂ ਅਕਾਲ ਤਖ਼ਤ ਦਾ ਜਥੇਦਾਰ ਦੁਨਿਆਵੀ ਅਦਾਲਤ ਵਿਚ ਪੇਸ਼ ਨਹੀਂ ਹੁੰਦਾ। ਉਨ੍ਹਾ ਨੂੰ ਭਰਮ ਹੈ ਕਿ ਦਿਲਗੀਰ ਦੇ ਕੇਸ ਵਿਚ ਅਕਾਲ ਤਖ਼ਤ ਦੇ ਜਥੇਦਾਰ ਜਾਂ ਹੋਰ ਪੁਜਾਰੀਆਂ ਨੂੰ ਅਜੇ ਬੁਲਾਇਆ ਨਹੀਂ ਗਿਆ ਪਰ ਕਿਉਂਕਿ ਉਨ੍ਹਾਂ ਨੂੰ ਗੁਰਦੁਆਰਾ ਐਕਟ, ਸ਼੍ਰੋਮਣੀ ਕਮਟੀ ਦੀ 'ਪ੍ਰਬੰਧ ਸਕੀਮ' ਹੇਠ 'ਹੈਡ ਪਰੀਸਟ' ਉਰਫ਼ ਜਥੇਦਾਰ ਵਜੋਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਮੰਨਿਆ ਗਿਆ ਹੈ ਤੇ ਸ਼੍ਰੋਮਣੀ ਕਮੇਟੀ ਉਨ੍ਹਾਂ ਨੂੰ ਨੌਕਰੀ 'ਤੇ ਲਾਉਣ ਵਾਲੀ ਤਾਕਤ ਹੈ। ਇਸ ਲਈ ਸ਼੍ਰੋਮਣੀ ਕਮੇਟੀ ਦੇ ਨਾਂਅ ਹੇਠ ਉਨ੍ਹਾਂ ਨੂੰ ਵੀ ਤਲਬ ਕੀਤਾ ਗਿਆ ਹੈ, ਇਸ ਹਿਸਾਬ ਨਾਲ ਉਹ ਅਦਾਲਤ ਵਿਚ ਪੇਸ਼ ਹੋ ਰਹੇ ਹਨ। 

ਦਿਲਗੀਰ ਆਪ ਵੀ ਵਕੀਲ ਰਿਹਾ ਹੈ ਅਤੇ ਨਵਕਿਰਨ ਸਿੰਘ ਉਚ ਦਰਜੇ ਵਕੀਲ ਹੈ, ਇਸ ਕਰ ਕੇ ਉਨ੍ਹਾਂ ਨੂੰ ਘੁੰਡੀ ਦਾ ਪਤਾ ਸੀ ਤੇ ਉਨ੍ਹਾਂ ਨੇ ਇਹ ਪਟੀਸ਼ਨ ਬਣਾਈ ਹੀ ਇਸ ਤਰੀਕੇ ਦੀ ਕਿ ਇਸ ਵਿਚ ਹੁਕਮਨਾਮਾ ਨੂੰ ਵੀ ਚੁਨੌਤੀ ਹੋ ਗਈ ਅਤੇ ਨਾਲ ਹੀ ਜਥੇਦਾਰ ਦਾ ਅਹੁਦਾ ਵੀ। ਸਿੱਖ ਵਿਦਵਾਨ ਦਿਲਗੀਰ ਦੇ ਇਸ ਜੁਰਅਤ ਵਾਲੇ ਫੈਸਲੇ ਤੇ ਅੰਦਰੋਂ ਬਹੁਤ ਖ਼ੁਸ਼ ਹਨ। ਇਸ ਨਾਲ ਪੁਜਾਰੀ ਸੰਸਥਾ ਦਾ ਭੋਗ ਪੈਣ ਦੇ ਆਸਾਰ ਬਣ ਗਏ ਹਨ।ਅੱਜ ਸੋਸ਼ਲ ਮੀਡੀਆ 'ਤੇ ਡਾ. ਹਰਜਿੰਦਰ ਸਿੰਘ ਦਿਲਗੀਰ ਵਲੋਂ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਡਾ ਨੂੰ ਜਥੇਦਾਰ ਕੋਲ ਪੇਸ਼ ਹੋਸ ਦੀ ਬਜਾਇ ਹਾਈ ਕੋਰਟ ਵਿਚ ਪਟੀਸ਼ਨ ਦਾਖ਼ਲ ਕਰਨ ਦੀ ਸਲਾਹ ਨੇ ਜਥੇਦਾਰ ਨੂੰ ਹੋਰ ਉਲਝਣ ਵਿਚ ਪਾ ਦਿਤਾ ਹੈ। ਇਸ ਨਾਲ ਤਾਂ ਅਕਾਲ ਤਖ਼ਤ ਦੀ ਸੰਸਥਾ ਮਿੱਟੀ ਵਿਚ ਮਿਲ ਜਾਵੇਗੀ। ਇਹ ਸਾਰਾ ਕੁੱਝ ਐਟਮੀ ਧਮਾਕੇ ਤੋਂ ਘੱਟ ਨਹੀਂ ਹੈ। ਅਜਿਹਾ ਜਾਪਦਾ ਹੈ ਕਿ ਦਿਲਗੀਰ ਪੁਜਾਰੀਆਂ ਤੇ ਸ਼੍ਰੋਮਣੀ ਕਮੇਟੀ ਨੂੰ ਲੰਮੇ ਹੱਥੀਂ ਲੈਣ ਦੇ ਮੂਡ ਵਿਚ ਹੈ।ਅਕਾਲ ਤਖ਼ਤ ਦੀ ਸੰਸਥਾ ਦੀ ਬਦਨਾਮੀ ਤੋਂ ਸਿੱਖ ਚਿੰਤਕ ਬਹੁਤ ਪ੍ਰੇਸ਼ਾਨ ਹਨ। ਉਹ ਮਹਿਸੂਸ ਕਰਦੇ ਹਨ ਕਿ ਇਕ ਇਹੀ ਸੰਸਥਾ ਸੀ ਜਿਸ ਦਾ ਪੰਥ ਵਿਚ ਦਬਦਬਾ ਕਾਇਮ ਸੀ। ਬਾਦਲ ਤੇ ਹਰਨਾਮ ਸਿੰਘ ਦੇ ਹੁਕਮਾਂ ਹੇਠ ਗਿ. ਗੁਰਬਚਨ ਸਿੰਘ ਨੇ ਇਸ ਨੂੰ ਅਪਣੀ ਇਜਾਰੇਦਾਰੀ ਸਮਝ ਕੇ ਇਸ ਦੀ ਬਹੁਤ ਹੇਠੀ ਕਰਵਾਈ ਹੈ। ਉਹ ਚਾਹੁੰਦੇ ਹਨ ਕਿ ਇਸ ਸਬੰਧ ਵਿਚ ਸੰਜੀਦਾ ਯਤਨ ਹੋਣੇ ਚਾਹੀਦੇ ਹਨ। ਅੱਜ ਇਕ ਪੰਥਦਰਦੀ ਹਰਦੀਪ ਸਿੰਘ ਨੇ ਜਿਸ ਸਦਭਾਵਨਾ ਕਮੇਟੀ ਦਾ ਸੁਝਾਅ ਦਿਤਾ ਹੈ, ਉਸ ਨੂੰ ਇਸ ਦਾ ਆਰੰਭ ਮੰਨਿਆ ਜਾ ਰਿਹਾ ਹੈ।