ਜਥੇਦਾਰ ਸਾਹਿਬ ਦੀ ਨਜ਼ਰ 'ਚ ਦੋਸ਼ੀ ਦੀ ਪਰਿਭਾਸ਼ਾ ਕੀ ਹੈ?

ਪੰਥਕ, ਪੰਥਕ/ਗੁਰਬਾਣੀ

ਤਰਨਤਾਰਨ, 2 ਦਸਬੰਰ (ਚਰਨਜੀਤ ਸਿੰਘ): ਅੱਜ ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਪ੍ਰੈੱਸ ਨੋਟ ਜਾਰੀ ਕਰ ਕੇ ਸ਼੍ਰੋ੍ਰਮਣੀ ਕਮੇਟੀ ਦੇ ਨਵੇਂ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਹੱਕ ਵਿਚ ਹਾਅ ਦਾ ਨਾਹਰਾ ਮਾਰਿਆ ਹੈ।  ਜਥੇਦਾਰ ਨੇ ਬਿਆਨ ਵਿਚ ਕਿਹਾ ਹੈ ਕਿ ਜੋ ਵਿਅਕਤੀ ਨਿਮਰਤਾ ਨਾਲ ਅਕਾਲ ਤਖ਼ਤ 'ਤੇ ਪੇਸ਼ ਹੋ ਗਿਆ, ਫਿਰ ਉਹ ਦੋਸ਼ੀ ਨਹੀਂ ਰਹਿ ਜਾਂਦਾ। ਜਥੇਦਾਰ ਨੇ ਅਪਣੀ ਗੱਲ ਮਨਵਾਉਣ ਲਈ ਕਈ ਮਿਸਾਲਾਂ ਵੀ ਦਿਤੀਆਂ ਹਨ। ਸਵਾਲ ਇਹ ਹੈ ਕਿ ਜਥੇਦਾਰ ਦੀ ਨਜ਼ਰ ਵਿਚ ਦੋਸ਼ੀ ਦੀ ਪਰਿਭਾਸ਼ਾ ਕੀ ਹੈ। ਇਕ ਵਿਅਕਤੀ ਗੁਰੂ ਪੰਥ ਨੂੰ ਪਿੱਠ ਦੇ ਕੇ ਪੰਥ ਵਿਰੋਧੀਆਂ ਦੇ ਖੇਮੇ ਵਿਚ ਜਾ ਰਲੇ ਕੀ ਉਸ ਦਾ ਦੋਸ਼ ਬਖ਼ਸ਼ਣਯੋਗ ਹੈ। ਅਜੇ ਕਲ ਦੀ ਗੱਲ ਹੈ ਕਿ ਭਾਈ ਲੌਂਗੋਵਾਲ ਕਹਿ ਰਹੇ ਸਨ ਕਿ ਉਹ ਡੇਰੇ ਗਏ ਹੀ ਨਹੀਂ ਫਿਰ ਜਥੇਦਾਰ ਨੂੰ ਸਪੱਸ਼ਟੀਕਰਨ ਦੇਣ ਦੀ ਕੀ ਲੋੜ ਪੈ ਗਈ? ਖ਼ੈਰ ਜੇ ਮੰਨ ਲਿਆ ਜਾਵੇ ਕਿ ਭਾਈ ਲੌਂਗੋਵਾਲ ਗ਼ਲਤੀ ਨਾਲ ਡੇਰੇ ਦੇ ਸਮਾਗਮ ਵਿਚ ਚਲੇ ਗਏ ਸਨ ਤਾਂ ਨਵਤੇਜ ਸਿੰਘ ਕਾਉਂਣੀ ਬਾਰੇ ਜਥੇਦਾਰ ਸਾਹਿਬ ਦੀ ਕੀ ਰਾਏ ਹੈ ਜੋ 4 ਵਾਰ ਸੇਵਾ ਰੂਪੀ ਸਜ਼ਾ ਲਗਵਾ ਕੇ ਵੀ ਡੇਰੇ ਜਾਂਦੇ ਹਨ।
ਕੁੱਝ ਮਾਮਲੇ ਅਜਿਹੇ ਵੀ ਹਨ ਜਿਥੇ ਜਥੇਦਾਰਾਂ ਨੇ ਖ਼ੁਦ ਹੀ ਇਲਜ਼ਾਮ ਤਿਆਰ ਕੀਤੇ, ਖ਼ੁਦ ਹੀ ਕਸੂਰ ਤਹਿ ਕੀਤੇ ਤੇ ਖ਼ੁਦ ਹੀ ਸਜ਼ਾ ਸੁਣਾ ਦਿੱਤੀ। ਅਜਿਹੇ ਮਾਮਲਿਆਂ ਵਿਚ ਜਥੇਦਾਰ ਕੋਈ ਸਪੱਸ਼ਟੀਕਰਨ ਦੇਣਗੇ? ਮਿਸਾਲ ਵਜੋਂ ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸ. ਜੋਗਿੰਦਰ ਸਿੰਘ ਮਾਮਲਾ ਲਿਆ ਜਾ ਸਕਦਾ ਹੈ। ਸ. ਜੋਗਿੰਦਰ ਸਿੰਘ ਦਾ ਕਸੂਰ ਕੀ ਹੈ ਕਿ ਇਹ ਅੱਜ ਤਕ ਜਥੇਦਾਰ ਸਪੱਸ਼ਟ ਨਹੀਂ ਕਰ ਸਕੇ। ਕੀ ਸਿੱਖਾਂ ਨੂੰ ਜਾਗਰੂਕ ਕਰਨਾ, ਸਿੱਖਾਂ ਨੂੰ ਚੇਤੰਨ ਕਰਨਾ ਤੇ ਸਿੱਖਾਂ ਨੂੰ ਧਰਮ ਦੀ ਸਹੀ ਪਰਿਭਾਸ਼ਾ ਦਸਣਾ ਗ਼ਲਤ ਹੈ। ਇਸ ਦੋਸ਼ ਕਾਰਨ ਸ. ਜੋਗਿੰਦਰ ਸਿੰਘ ਨੂੰ ਜਥੇਦਾਰਾਂ ਦੀ ਅਦਾਲਤ ਨੇ ਖ਼ੁਦ ਹੀ ਇਲਜ਼ਾਮ ਤਿਆਰ ਕੀਤੇ। ਖ਼ੁਦ ਹੀ ਫ਼ੈਸਲਾ ਸੁਣਾਇਆ ਤੇ ਖ਼ੁਦ ਹੀ ਦੋਸ਼ੀ ਕਰਾਰ ਦੇ ਦਿਤਾ ਹਾਲਾਂਕਿ ਦੁਨੀਆਂ ਭਰ ਦੇ ਸਿੱਖ ਚਿੰਤਕਾਂ ਤੇ ਜਾਗਰੂਕ ਸਿੱਖਾਂ ਨੇ ਸ. ਜੋਗਿੰਦਰ ਸਿੰਘ ਬਾਰੇ ਜਥੇਦਾਰਾਂ ਦੇ ਇਸ ਗ਼ਲਤ ਫ਼ੈਸਲੇ ਨੂੰ ਇਹ ਕਹਿ ਕੇ ਖ਼ਾਰਜ ਕਰ ਦਿਤਾ ਕਿ ਇਸ ਨਾਲ ਪੰਥ ਦੀ ਹਾਨੀ ਹੋਵੇਗੀ ਤੇ ਇਸ ਦੇ ਸਿੱਟੇ ਪੰਥ ਲਈ ਘਾਤਕ ਹਨ। ਸਿਆਸੀ ਦਬਾਅ ਹੇਠ ਜਥੇਦਾਰਾਂ ਨੇ ਸ੍ਰ ਜੋਗਿੰਦਰ ਸਿੰਘ ਬਾਰੇ ਫੈਸਲਾ ਲੈਣ ਵਿਚ ਇਕ ਪਲ ਦੀ ਦੇਰੀ ਨਹੀ ਲਗਾਈ।
ਪ੍ਰੈਫ਼ੈਸਰ ਦਰਸ਼ਨ ਸਿੰਘ ਮਾਮਲਾ ਇਸ ਕੜੀ ਦਾ ਇਕ ਦੂਜਾ ਭਾਗ ਹੈ ਜਿਸ ਦੋਸ਼ ਦੇ ਤਹਿਤ ਪ੍ਰੋ. ਦਰਸ਼ਨ ਸਿੰਘ ਨੂੰ ਖ਼ੁਦ ਅਦਾਲਤ ਲਗਾ ਕੇ ਕਸੂਰਵਾਰ ਕਰਾਰ ਦਿਤਾ ਗਿਆ ਸੀ। ਉਹ ਇਤਿਹਾਸ ਦੀਆਂ ਕਿਤਾਬਾਂ ਚ ਜਿਉਂ ਤੇ ਤਿਉਂ ਹਨ। ਜਥੇਦਾਰਾਂ ਦੇ ਤੀਰ ਦਾ ਅਗਲਾ ਸ਼ਿਕਾਰ ਡਾ. ਹਰਜਿੰਦਰ ਸਿੰੰਘ ਦਿਲਗੀਰ ਹੈ। ਦਿਲਗੀਰ ਦਾ ਕਸੂਰ ਕੀ ਹੈ, ਇਹ ਸ਼ਾਇਦ ਜਥੇਦਾਰਾਂ ਨੂੰ ਵੀ ਨਹੀਂ ਪਤਾ। ਬੱਸ ਇਕ ਪੇਜ ਦੀ ਰੀਪੋਰਟ ਤੇ ਫ਼ੈਸਲਾ ਵੀ ਹੋ ਗਿਆ। ਦਿਲਗੀਰ ਜੋ ਸ਼੍ਰੋਮਣੀ ਕਮੇਟੀ ਦੇ ਸਿੱਖ ਇਤਿਹਾਸ ਰਿਸਰਚ ਬੋਰਡ ਦਾ ਚੇਅਰਮੈਨ ਰਹਿ ਚੁੱਕਾ ਹੈ, 100 ਦੇ ਕਰੀਬ ਕਿਤਾਬਾਂ ਦਾ ਲਿਖਾਰੀ ਹੈ, ਬਸ ਜਥੇਦਾਰਾਂ ਨੂੰ  ਹੁਕਮ ਆਇਆ ਤੇ ਫ਼ਤਵਾ ਜਾਰੀ। ਅਫ਼ਸੋਸ ਦੀ ਗੱਲ ਇਹ ਵੀ ਹੈ ਕਿ ਇਹ ਤਿੰਨ ਸਿੱਖ ਸ਼ਖ਼ਸੀਅਤਾਂ ਨਿਮਰਤਾ ਨਾਲ ਪੰਥਕ ਕਾਰਜਾਂ ਲਈ ਦਿਨ ਰਾਤ ਇਕ ਕਰਨ ਵਾਲੇ ਹਨ ਤੇ ਇਨਾਂ ਤਿੰਨਾਂ ਦੇ ਜੀਵਨ ਦਾ ਇਕੋ ਇਕ ਮਕਸਦ ਪੰਥ ਪਹਿਲਾਂ ਹੈ।