ਤਰਨਤਾਰਨ, 5 ਮਾਰਚ (ਚਰਨਜੀਤ ਸਿੰਘ): ਸ੍ਰੀ ਅਕਾਲ ਤਖ਼ਤ ਸਾਹਿਬ ਤੋ ਜਿਥੇ ਸਮੇ ਸਮੇ ਤੇ ਹੁਕਮਨਾਮੇ ਵਾਪਸ ਲੈਣ ਦਾ ਇਤਿਹਾਸ ਮਿਲਦਾ ਹੈ ਉਥੇ ਪੰਥ ਤੇ ਇਕ ਸਮਾਂ ਅਜਿਹਾ ਵੀ ਆਇਆ ਜਦ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਨੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ '' ਇਲਾਹੀ ਫੁਰਮਾਨਾਂ'' ਨੂੰ ਨਾ ਸਿਰਫ ਮੰਨਣ ਤੋ ਇਨਕਾਰ ਕਰ ਦਿੱਤਾ, ਜਥੇਦਾਰ ਬਦਲ ਦਿੱਤਾ ਅਤੇ ਹੁਕਮਨਾਮੇ ਵਾਪਸ ਲੈਣ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋ ਐਲਾਨ ਵੀ ਕਰ ਦਿੱਤਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਨੇ ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਆਪਣਾ ਵਖਰਾ ਰੁਖ਼ ਅਖਤਿਆਰ ਕੀਤਾ ਹੋਇਆ ਸੀ ਜਦ ਕਿ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਹਰ ਹੀਲੇ ਕੋਸ਼ਿਸ਼ ਸੀ ਕਿ ਸਿੱਖਾਂ ਦੀ ਅਜਾਦ ਹਸਤੀ ਅਤੇ ਅਡਰੀ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕੀਤਾ ਜਾਵੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਵਿਚਾਲੇ ਆਪਸੀ ਟਕਰਾਅ ਵਾਲਾ ਮਾਹੋਲ ਸਿਰਜਿਆ ਜਾ ਚੁੱਕਾ ਸੀ। ਜਥੇਦਾਰ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਪੰਥ ਵਿਚੋ ਛੇਕ ਦਿੱਤਾ। ਬੀਬੀ ਜਗੀਰ ਕੌਰ ਦੀ ਹਮਾਇਤ ਕਰਨ ਦੇ ਦੋਸ਼ ਵਿਚ ਸ਼੍ਰੋਮਣੀ ਕਮੇਟੀ ਦੀ ਅਤ੍ਰਿੰਗ ਕਮੇਟੀ, ਅਕਾਲ ਪੁਰਖ ਦੀ ਫ਼ੋਜ ਦੇ ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ, ਰਘੂਜੀਤ ਸਿੰਘ ਵਿਰਕ, ਗੁਰਪਾਲ ਸਿੰਘ, ਸਤਨਾਮ ਸਿੰਘ ਭਾਈ ਰੂਪਾ , ਕਮੇਟੀ ਦੇ ਆਹੁਦੇਦਾਰਾਂ ਅਤੇ ਸਾਥੀ ਜਥੇਦਾਰਾਂ ਪ੍ਰੋਫੈਸਰ ਮਨਜੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗਿਆਨੀ ਕੇਵਲ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾਂ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਭਗਵਾਨ ਸਿੰਘ ਨੂੰ ਵੀ ਗਿਆਨੀ ਪੂਰਨ ਸਿੰਘ ਦੇ ਕ੍ਰੋਪ ਦਾ ਸਾਹਮਣਾ ਕਰਨਾ ਪਿਆ। ਇਹ ਸਾਰਾ ਘਟਨਾਕਮ 25 ਜਨਵਰੀ 2000 ਤੋ 28 ਮਾਰਚ 2000 ਤਕ ਚਲਦਾ ਰਿਹਾ। ਆਖਿਰ ਗਿਆਨੀ ਪੂਰਨ ਸਿੰਘ ਆਹੁਦੇ ਤੋ ਹਟਾ ਦਿੱਤੇ ਗਏ।