ਕੋਟਕਪੂਰਾ, 15 ਨਵੰਬਰ (ਗੁਰਿੰਦਰ ਸਿੰਘ): ਭਾਵੇਂ ਤਖ਼ਤਾਂ ਦੇ ਜਥੇਦਾਰਾਂ ਨੇ ਲੰਮਾ ਸਮਾਂ ਮਨਮਾਨੀਆਂ ਕੀਤੀਆਂ, ਅਪਣੇ ਸਿਆਸੀ ਅਕਾਵਾਂ ਦਾ ਪੱਖ ਪੂਰਿਆ, ਵਿਰੋਧੀਆਂ ਨੂੰ ਖੂੰਝੇ ਲਾਉਣ 'ਚ ਕੋਈ ਕਸਰ ਨਹੀਂ ਛੱਡੀ, ਪੰਥ ਵਿਰੋਧੀ ਤਾਕਤਾਂ ਨਾਲ ਲਿਹਾਜ ਪੁਗਾਈ ਅਤੇ ਪੰਥ ਦਾ ਘਾਣ ਕਰਨ ਵਾਲਿਆਂ ਨੂੰ ਵੱਡੇ-ਵੱਡੇ ਐਵਾਰਡ ਦੇ ਕੇ ਸਨਮਾਨਤ ਵੀ ਕੀਤਾ ਪਰ ਹੁਣ ਤਖ਼ਤਾਂ ਦੇ ਜਥੇਦਾਰਾਂ ਵਲੋਂ ਖ਼ੁਦ ਲਏ ਗਏ ਫ਼ੈਸਲੇ ਉਨ੍ਹਾਂ ਦੇ ਗਲੇ ਦੀ ਹੱਡੀ ਬਣਦੇ ਜਾਪਦੇ ਹਨ ਕਿਉਂਕਿ ਡਾ. ਹਰਜਿੰਦਰ ਸਿੰਘ ਦਿਲਗੀਰ ਵਲੋਂ ਤਖ਼ਤਾਂ ਦੇ ਜਥੇਦਾਰਾਂ ਦੇ ਫ਼ੈਸਲੇ ਨੂੰ ਅਦਾਲਤ 'ਚ ਚੁਨੌਤੀ ਦੇਣ, ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਦੀ ਤੈਅ ਤਰੀਕ ਦੇ ਭੰਬਲਭੂਸੇ, ਭਾਈ ਰਣਜੀਤ ਸਿੰਘ ਢਡਰੀਆਂ ਦੇ ਮਾਮਲਿਆਂ ਸਮੇਤ ਜਥੇਦਾਰਾਂ ਦੀ ਡਿਕਟੇਟਰਸ਼ਿਪ ਤੇ ਪੱਖਪਾਤੀ ਰਵੱਈਏ ਦੀਆਂ ਅਜਿਹੀਆਂ ਮਿਸਾਲਾਂ ਸਾਹਮਣੇ ਆ ਰਹੀਆਂ ਹਨ ਜੋ ਜਿਥੇ ਜਥੇਦਾਰਾਂ ਲਈ ਮੁਸੀਬਤ ਪੈਦਾ ਕਰਨਗੀਆਂ, ਉਥੇ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਦਰਮਿਆਨ ਧੜੇਬੰਦੀ ਬਣਨ ਦਾ ਕਾਰਨ ਵੀ ਬਣ ਸਕਦੀਆਂ ਹਨ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ, ਤਰਸੇਮ ਸਿੰਘ ਦਿੱਲੀ ਤੇ ਦਲ ਖ਼ਾਲਸਾ ਦੇ ਆਗੂਆਂ ਸਮੇਤ ਅਨੇਕਾਂ ਅਜਿਹੇ ਪੰਥ ਦਰਦੀ ਹਨ ਜਿਨ੍ਹਾਂ ਨੇ ਜਥੇਦਾਰਾਂ ਦੇ ਫ਼ੈਸਲੇ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਸੰਗਤ 'ਤੇ ਠੋਸੇ ਜਾ ਰਹੇ ਅਨੈਤਿਕ ਫ਼ੈਸਲਿਆਂ ਦਾ ਵਿਰੋਧ ਕੀਤਾ ਹੈ। ਉਕਤ ਮਾਮਲੇ ਦਾ ਹੈਰਾਨੀਜਨਕ ਪਹਿਲੂ ਇਹ ਵੀ ਹੈ ਕਿ ਸਾਹਿਬਜਾਦਿਆਂ ਨੂੰ ਵਿਸ਼ਨੂੰ ਤੇ ਬ੍ਰਹਮਾ ਦਾ ਅਵਤਾਰ ਦੱਸਣ ਵਾਲਾ ਗਿਆਨੀ ਇਕਬਾਲ ਸਿੰਘ ਪਟਨਾ ਵੀ ਪੁਜਾਰੀਆਂ ਦੀ ਉਸ ਟੀਮ 'ਚ ਸ਼ਾਮਲ ਹੈ, ਜਿਨ੍ਹਾਂ ਜਥੇਦਾਰਾਂ ਨੇ ਡਾ. ਦਿਲਗੀਰ, ਭਾਈ ਢਡਰੀਆਂ ਅਤੇ ਅਵਤਾਰ ਦਿਹਾੜੇ ਦੇ ਸਬੰਧ 'ਚ ਅਪਣੇ ਵਿਵਾਦਿਤ ਫ਼ੈਸਲੇ ਸੁਣਾਏ। ਸਿੱਖ ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਿਲਗੀਰ ਵਲੋਂ ਤਖ਼ਤਾਂ ਦੇ ਜਥੇਦਾਰਾਂ ਨੂੰ ਜਵਾਬਦੇਹ ਬਣਾਉਣ ਲਈ ਕੀਤੀਆਂ ਜਾ ਰਹੀਆਂ ਕਾਰਵਾਈਆਂ ਸਪੱਸ਼ਟ ਸੰਕੇਤ ਦੇ ਰਹੀਆਂ ਹਨ ਕਿ ਉਹ ਭਵਿੱਖ 'ਚ ਜਥੇਦਾਰਾਂ, ਸ਼੍ਰੋਮਣੀ ਕਮੇਟੀ, ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਬਾਦਲ ਪਰਵਾਰ ਦੇ ਪ੍ਰਭਾਵ ਵਾਲੀਆਂ ਸਿੱਖ ਸੰਸਥਾਵਾਂ ਤੇ ਪੰਥਕ ਮੁਖੌਟੇ ਵਾਲੀਆਂ ਜਥੇਬੰਦੀਆਂ ਨੂੰ ਵੀ ਜਵਾਬਦੇਹ ਬਣਾਉਣਗੇ ਕਿਉਂਕਿ ਸ਼੍ਰੋਮਣੀ ਕਮੇਟੀ ਦੀ ਗੁਰੂਆਂ ਵਿਰੁਧ ਪ੍ਰਕਾਸ਼ਤ ਹੋਈ 'ਸਿੱਖ ਇਤਿਹਾਸ ਪੁਸਤਕ', ਗ਼ਲਤ ਛਪਾਈ ਵਾਲੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ, 'ਰੋਜ਼ਾਨਾ ਸਪੋਕਸਮੈਨ' ਵਿਰੁਧ ਜਾਰੀ ਹੋਇਆ ਹੁਕਮਨਾਮਾ, ਸੌਦਾ ਸਾਧ ਨੂੰ ਬਿਨਾਂ ਮੰਗਿਆਂ ਮੁਆਫ਼ ਕਰਨ ਦਾ ਮਾਮਲਾ, ਸ਼ਾਂਤਮਈ ਧਰਨੇ 'ਤੇ ਬੈਠੀਆਂ ਸਿੱਖ ਸੰਗਤਾਂ ਉੱਪਰ ਢਾਹੇ ਗਏ ਪੁਲਸੀਆ ਅਤਿਆਚਾਰ, ਸ. ਜੋਗਿੰਦਰ ਸਿੰਘ ਸਪੋਕਸਮੈਨ, ਪ੍ਰੋ. ਦਰਸ਼ਨ ਸਿੰਘ, ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਨੂੰ ਪੰਥ 'ਚੋਂ ਛੇਕਣ, ਪ੍ਰੋ. ਸਰਬਜੀਤ ਸਿੰਘ ਧੁੰਦਾ ਤੇ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੂੰ ਜ਼ਲੀਲ ਕਰਨ, ਮੂਲ ਨਾਨਕਸ਼ਾਹੀ ਕੈਲੰਡਰ ਦਾ ਕਤਲ, ਸੌਦਾ ਸਾਧ- ਨੂਰਮਹਿਲੀਏ, ਨਿਰੰਕਾਰੀ ਆਦਿਕ ਸੰਪਰਦਾਵਾਂ ਵਿਰੁਧ ਹੁਕਮਨਾਮੇ ਜਾਰੀ ਹੋਣ ਦੇ ਬਾਵਜੂਦ ਅਕਾਲੀ ਦਲ ਬਾਦਲ ਦੇ ਮੂਹਰਲੀ ਕਤਾਰ ਦੇ ਆਗੂਆਂ ਦੀ ਉਨਾਂ ਦੇ ਸਮਾਗਮਾਂ 'ਚ ਸ਼ਮੂਲੀਅਤ, ਲਗਾਤਾਰ 21 ਸਾਲ ਸ਼੍ਰੋਮਣੀ ਕਮੇਟੀ ਦਾ ਮੈਂਬਰ ਤੇ ਅਕਾਲੀ ਦਲ ਬਾਦਲ ਦਾ ਜ਼ਿਲ੍ਹਾ ਜਥੇਦਾਰ ਰਹਿਣ ਵਾਲੇ ਸੁੱਚਾ ਸਿੰਘ ਲੰਗਾਹ ਦੀ ਇਤਰਾਜ਼ਯੋਗ ਵੀਡੀਉ,
ਪੰਥਕ ਵਿਦਵਾਨਾਂ ਤੇ ਸਿੱਖ ਚਿੰਤਕਾਂ ਨੂੰ ਜ਼ਲੀਲ ਕਰਨ, ਜਦਕਿ ਸਮੇਂ-ਸਮੇਂ ਪੰਥ ਦੇ ਦੁਸ਼ਮਣਾਂ ਦਾ ਪੱਖ ਪੂਰਨ ਵਰਗੇ ਅਨੇਕਾਂ ਅਜਿਹੇ ਦੋਸ਼ ਹਨ ਜੋ ਡਾ. ਦਿਲਗੀਰ ਕੋਲ ਸਬੂਤਾਂ ਸਮੇਤ ਮੌਜੂਦ ਹਨ ਤੇ ਜਿਨ੍ਹਾਂ ਦਾ ਜਵਾਬ ਦੇਣਾ ਤਖ਼ਤਾਂ ਦੇ ਜਥੇਦਾਰਾਂ ਲਈ ਬਹੁਤ ਔਖਾ ਹੋ ਸਕਦਾ ਹੈ। ਵਿਦੇਸ਼ੀ ਵਿਦਵਾਨ ਪਾਲ ਸਿੰਘ ਪੁਰੇਵਾਲ ਵਲੋਂ ਕਈ ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਤਿਆਰ ਕੀਤੇ ਗਏ ਮੂਲ ਨਾਨਕਸ਼ਾਹੀ ਕੈਲੰਡਰ ਦਾ ਜਥੇਦਾਰਾਂ ਨੇ ਪੰਥਵਿਰੋਧੀ ਤਾਕਤਾਂ ਦੇ ਪ੍ਰਭਾਵ ਕਰ ਕੇ ਕਤਲ ਕਰ ਦਿਤਾ, ਭਾਵੇਂ ਸ. ਪੁਰੇਵਾਲ ਮੁਤਾਬਕ ਹਰ ਸਾਲ ਜਨਵਰੀ ਦੀ 5 ਤਰੀਕ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਦਿਹਾੜਾ ਮਨਾਉਣ ਲਈ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ 'ਚ ਸਹਿਮਤੀ ਬਣ ਗਈ ਸੀ ਪਰ ਪੰਥ ਦੇ ਦੁਸ਼ਮਣਾਂ ਦੇ ਦਬਾਅ ਕਾਰਨ ਅਕਾਲੀ ਦਲ ਬਾਦਲ, ਤਖ਼ਤਾਂ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਬੇਵੱਸ ਹੋ ਗਈ ਤੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਵੀ ਬਿਕਰਮੀ ਕੈਲੰਡਰ ਦਾ ਰੂਪ ਦੇ ਦਿਤਾ, ਹੁਣ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਦਿਹਾੜਾ ਕਿਸੇ ਸਾਲ ਦੋ ਵਾਰ ਅਤੇ ਕਿਸੇ ਸਾਲ ਆਉਂਦਾ ਹੀ ਨਹੀਂ। ਉਕਤ ਮਾਮਲੇ ਦਾ ਅਫ਼ਸੋਸਨਾਕ ਤੇ ਚਿੰਤਾਜਨਕ ਪਹਿਲੂ ਇਹ ਹੈ ਕਿ ਜਦ ਦੇਸ਼-ਵਿਦੇਸ਼ ਦੀਆਂ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਦੀ ਸ਼ਹੀਦੀ ਦੇ ਦਿਨ ਦੁਖਦਾਇਕ ਪਲ ਯਾਦ ਕਰ ਕੇ ਖ਼ੂਨ ਦੇ ਹੰਝੂ ਵਹਾ ਰਹੀਆਂ ਹੁੰਦੀਆਂ ਹਨ ਉਦੋਂ ਹੀ ਗੁਰੂ ਜੀ ਦੇ ਅਵਤਾਰ ਪੁਰਬ ਦੀਆਂ ਖ਼ੁਸ਼ੀਆਂ ਮਨਾਉਣ ਲਈ ਸਾਡੇ ਪੰਥ ਦੇ ਅਖੌਤੀ ਠੇਕੇਦਾਰ ਅਰਥਾਤ ਤਖ਼ਤਾਂ ਦੇ ਜਥੇਦਾਰ ਸੰਗਤਾਂ ਨੂੰ ਮਜਬੂਰ ਕਰਦੇ ਹਨ। ਇਸ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਸੰਗਤਾਂ ਨੂੰ ਗੁਰੂ ਜੀ ਦਾ ਅਵਤਾਰ ਦਿਹਾੜਾ 5 ਜਨਵਰੀ ਨੂੰ ਮਨਾਉਣ ਦੀ ਅਪੀਲ ਕੀਤੀ ਤਾਂ ਪਟਨਾ ਸਾਹਿਬ ਦੇ ਜਥੇਦਾਰ ਗਿ. ਇਕਬਾਲ ਸਿੰਘ ਨੇ ਵਿਰੋਧ ਕਰ ਦਿਤਾ ਅਤੇ ਗਿ. ਗੁਰਬਚਨ ਸਿੰਘ ਸਮੇਤ ਪੰਜਾਂ ਜਥੇਦਾਰਾਂ ਨੇ ਪ੍ਰੋ. ਬਡੂੰਗਰ ਦੀ ਅਪੀਲ ਨੂੰ ਦਰਕਿਨਾਰ ਕਰਦਿਆਂ ਅਵਤਾਰ ਦਿਹਾੜਾ 25 ਦਸੰਬਰ ਨੂੰ ਹੀ ਮਨਾਉਣ ਦੀ ਹਦਾਇਤ ਕਰ ਦਿਤੀ। ਹੁਣ ਜੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਜਥੇਦਾਰਾਂ ਦਾ ਫ਼ੈਸਲਾ ਮੰਨਣਗੀਆਂ ਤਾਂ ਸੁਭਾਵਕ ਹੈ ਕਿ ਉਹ ਸਾਲ 2018, 2023 ਅਤੇ 2026 'ਚ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਦਿਹਾੜਾ ਮਨਾਉਣ ਤੋਂ ਵਾਂਝੀਆਂ ਰਹਿ ਜਾਣਗੀਆਂ ਕਿਉਂਕਿ 2017, 2022 ਅਤੇ 2025 'ਚ ਜਨਵਰੀ ਅਤੇ ਦਸੰਬਰ 'ਚ ਅਰਥਾਤ ਇਕ ਸਾਲ 'ਚ ਦੋ ਵਾਰ ਗੁਰੂ ਜੀ ਦਾ ਅਵਤਾਰ ਦਿਹਾੜਾ ਆਵੇਗਾ ਤੇ ਸੰਗਤਾਂ 'ਚ ਭੰਬਲਭੂਸਾ ਬਰਕਰਾਰ ਰਹੇਗਾ।ਭਾਈ ਰਣਜੀਤ ਸਿੰਘ ਢਡਰੀਆਂ ਨੇ ਲੰਮਾ ਸਮਾਂ ਸੰਪਰਦਾਈ ਧਿਰਾਂ ਦੀ ਤਰਾਂ ਸੰਗਰਾਂਦ, ਮੱਸਿਆ ਅਤੇ ਪੁੰਨਿਆ ਨੂੰ ਮਾਨਤਾ ਦਿਤੀ, ਕਰਮਕਾਂਡ-ਅੰਧਵਿਸ਼ਵਾਸ-ਵਹਿਮ ਭਰਮ ਤੇ ਫ਼ਜੂਲ ਰਸਮਾਂ ਦਾ ਵਿਰੋਧ ਕਰਨ ਦੀ ਜ਼ਰੂਰਤ ਨਾ ਸਮਝੀ ਤਾਂ ਸੰਪਰਦਾਈ ਧਿਰਾਂ ਸਮੇਤ ਪੰਥ ਵਿਰੋਧੀ ਤਾਕਤਾਂ ਨੇ ਭਾਈ ਢਡਰੀਆਂ ਦਾ ਕਦੇ ਵਿਰੋਧ ਨਾ ਕੀਤਾ ਪਰ ਜਦ ਢਡਰੀਆਂ ਵਾਲੇ ਦੀਆਂ ਅੱਖਾਂ ਖੁਲ੍ਹੀਆਂ ਤੇ ਉਸ ਨੇ ਬਾਬੇ ਨਾਨਕ ਸਮੇਤ ਸਮੂਹ ਗੁਰੂਆਂ ਦੇ ਅਸਲ ਫ਼ਲਸਫ਼ੇ ਦੀ ਗੱਲ ਕਹਿਣ ਦੀ ਜੁਰਅੱਤ ਕੀਤੀ ਤਾਂ ਜਥੇਦਾਰਾਂ ਤਕ ਪਹੁੰਚ ਕਰ ਕੇ ਉਸ ਦੇ ਧਾਰਮਕ ਦੀਵਾਨ ਰੋਕਣ ਨਹੀਂ ਤਾਂ 13 ਅਪ੍ਰੈਲ 1978 ਵਾਲਾ ਸਾਕਾ ਦੁਹਰਾਉਣ ਦੀ ਚਿਤਾਵਨੀ ਦਿਤੀ ਗਈ ਪਰ ਸ਼ਿਕਾਇਤਕਰਤਾਵਾਂ ਨੂੰ ਗਿ. ਗੁਰਬਚਨ ਸਿੰਘ ਨੇ ਇਹ ਪੁੱਛਣ ਦੀ ਜੁਰਅੱਤ ਨਾ ਕੀਤੀ ਕਿ ਤੁਸੀ ਪਹਿਲਾਂ ਢਡਰੀਆਂ ਵਾਲੇ ਵਲੋਂ ਲਾਏ ਜਾ ਰਹੇ ਉਸ ਦੋਸ਼ ਦਾ ਜਵਾਬ ਦਿਉ ਜਿਸ ਵਿਚ ਉਹ ਖ਼ੁਦ 'ਤੇ ਹੋਏ ਕਾਤਲਾਨਾਂ ਹਮਲੇ ਸਮੇਂ ਉਸ ਦੇ ਸਾਥੀ ਦੇ ਕਤਲ ਦਾ ਦੋਸ਼ ਬਕਾਇਦਾ ਨਾਂਅ ਲੈ ਲੈ ਕੇ ਕਹਿ ਰਿਹਾ ਹੈ। ਗਿ. ਗੁਰਬਚਨ ਸਿੰਘ ਦੀ ਅਗਵਾਈ ਵਾਲੀ ਤਖ਼ਤਾਂ ਦੇ ਜਥੇਦਾਰਾਂ ਦੀ ਟੀਮ ਨੇ ਉਲਟਾ ਢਡਰੀਆਂ ਵਾਲੇ ਨੂੰ ਹਦਾਇਤ ਕੀਤੀ ਕਿ ਉਹ ਅਪਣੀਆਂ ਚਰਚਿਤ ਸੀਡੀਆਂ ਅਕਾਲ ਤਖ਼ਤ 'ਤੇ ਪਹੁੰਚਾਵੇ, ਉਸ ਦੀ ਜਾਂਚ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਜਦ ਗਿ. ਗੁਰਬਚਨ ਸਿੰਘ ਸਮੇਤ ਤਖ਼ਤਾਂ ਦੇ ਜਥੇਦਾਰਾਂ ਨੇ ਭਾਈ ਪੰਥਪ੍ਰੀਤ ਸਿੰਘ ਨੂੰ ਤਲਬ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਭਾਈ ਪੰਥਪ੍ਰੀਤ ਸਿੰਘ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਤੋਂ ਅਸਮਰਥ ਜਥੇਦਾਰਾਂ ਨੇ ਚੁੱਪ ਰਹਿਣ 'ਚ ਹੀ ਭਲਾ ਸਮਝਿਆ ਸੀ। ਹੁਣ ਦੇਸ਼-ਵਿਦੇਸ਼ ਦੀਆਂ ਸੰਗਤਾਂ ਡਾ. ਹਰਜਿੰਦਰ ਸਿੰਘ ਦਿਲਗੀਰ, ਭਾਈ ਰਣਜੀਤ ਸਿੰਘ ਢਡਰੀਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਦੀ ਤਰੀਕ ਦੇ ਮਾਮਲੇ 'ਚ ਕਿਸੇ ਚੰਗੀ ਖ਼ਬਰ ਦੀ ਉਡੀਕ 'ਚ ਹਨ ਕਿਉਂਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਹੁਣ ਤਖ਼ਤਾਂ ਦੇ ਜਥੇਦਾਰਾਂ ਦੀਆਂ ਮਨਮਾਨੀਆਂ ਤੇ ਡਿਕਟੇਟਰਸ਼ਿਪ ਨੂੰ ਵਿਰਾਮ ਲਗਣਾ ਸੁਭਾਵਕ ਹੈ।