ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਲੰਗਾਹ ਨਾਲ ਕੋਈ ਸਾਂਝ ਨਾ ਰੱਖਣ : ਜਥੇਦਾਰ
ਅੰਮ੍ਰਿਤਸਰ, 5 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਅਕਾਲ ਤਖ਼ਤ ਦੀ ਫ਼ਸੀਲ ਤੋਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬਲਾਤਕਾਰੀ ਸੁੱਚਾ ਸਿੰਘ ਲੰਗਾਹ ਨੂੰ ਸਿੱਖ ਪੰਥ ਵਿਚੋਂ ਖਾਰਜ਼ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਉਸ ਨਾਲ ਸਿੱਖ ਕੌਮ ਵੀ ਸਾਂਝ ਨਾ ਰਖਣ ਦਾ ਆਦੇਸ਼ ਜਾਰੀ ਕੀਤਾ। ਅੱਜ ਸਕੱਤਰੇਤ ਅਕਾਲ ਤਖ਼ਤ ਸਾਹਿਬ ਵਿਖੇ 'ਜਥੇਦਾਰਾਂ' ਦੀ ਇਕੱਤਰਤਾ ਹੋਈ ਜਿਸ ਵਿਚ ਸੁੱਚਾ ਸਿੰਘ ਲੰਗਾਹ ਵਿਰੁਧ ਮੀਡੀਆਂ 'ਚ ਚਲੀ ਚਰਚਾ ਅਤੇ ਦੇਸ਼-ਵਿਦੇਸ਼ ਤੋਂ ਸਿੱਖ ਸੰਗਤਾਂ ਵਲੋਂ ਲਿਖਤੀ ਅਤੇ ਟੈਲੀਫ਼ੋਨ ਰਾਹੀਂ ਪੁੱਜੀਆਂ ਸ਼ਿਕਾਇਤਾਂ ਉਪਰੰਤ ਅਕਾਲ ਤਖ਼ਤ ਸਾਹਿਬ ਦੇ ਆਦੇਸ਼ 'ਤੇ ਸ਼੍ਰੋਮਣੀ ਕਮੇਟੀ ਵਲੋਂ ਬਣਾਈ ਅਕਾਲ ਤਖ਼ਤ ਸਾਹਿਬ ਦੀ ਸਲਾਹਕਾਰ ਕਮੇਟੀ ਵਲੋਂ ਦਿਤੇ ਸੁਝਾਅ ਉਪਰ ਕੀਤੀ ਦੀਰਘ ਵਿਚਾਰ ਉਪਰੰਤ ਫ਼ੈਸਲਾ ਲਿਆ ਗਿਆ ਕਿ ਵਿਸ਼ਵ ਭਰ ਵਿਚ ਸਿੱਖ ਉਚੇ-ਸੁੱਚੇ ਅਤੇ ਆਦਰਸ਼ਕ ਇਖ਼ਲਾਕ ਲਈ ਜਾਣੇ ਜਾਂਦੇ ਹਨ। ਸੁੱਚਾ ਸਿੰਘ ਲੰਗਾਹ ਦੀ ਇਸ ਬਦ-ਇਖ਼ਲਾਕੀ ਕਾਰਵਾਈ ਨਾਲ ਜਿਥੇ ਸਿੱਖ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ ਉਥੇ ਸਿੱਖ ਕਿਰਦਾਰ ਨੂੰ ਵੀ ਢਾਅ ਲੱਗੀ ਹੈ।
ਇਸ ਲਈ ਸੁੱਚਾ ਸਿੰਘ ਲੰਗਾਹ ਨੂੰ ਸਿੱਖ ਰਹਿਤ ਮਰਿਆਦਾ ਅਨੁਸਾਰ ਬਜਰ ਕੁਰਹਿਤ ਕਰਨ ਕਰ ਕੇ ਦੋਸ਼ੀ ਮੰਨਦਿਆਂ, ਮਾਮਲੇ ਦੀ ਗੰਭੀਰਤਾ ਅਤੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਅਕਾਲ ਤਖ਼ਤ ਦੀ ਮੋਹਰ ਅਧਿਕਾਰ ਹੇਠ ਗੁਰਮਤਿ ਜੁਗਤ ਅਨੁਸਾਰ 'ਜਥੇਦਾਰਾਂ' ਵਲੋਂ ਉਪਰੋਕਤ ਦੋਸ਼ਾਂ ਕਾਰਨ ਇਸ ਨੂੰ ਪੰਥ ਵਿਚੋਂ ਛੇਕਿਆ ਜਾਂਦਾ ਹੈ। ਇਸ ਪ੍ਰਤੀ ਸਮੂਹ ਸਿੱਖ ਸੰਗਤਾਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਉਕਤ ਸੁੱਚਾ ਸਿੰਘ ਲੰਗਾਹ ਨਾਲ ਕਿਸੇ ਕਿਸਮ ਦੀ ਕੋਈ ਸਾਂਝ ਨਾ ਰੱਖੀ ਜਾਵੇ। ਭਾਵੇਂ ਸੁੱਚਾ ਸਿੰਘ ਲੰਗਾਹ ਨੂੰ ਸ਼੍ਰੋਮਣੀ ਗੁ: ਪ੍ਰ: ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਦੋਸ਼ੀ ਮੰਨਦਿਆਂ ਸਾਰੇ ਅਹੁਦਿਆਂ ਤੋਂ ਬਰਖ਼ਾਸਤ ਕੀਤਾ ਹੈ, ਜੇਕਰ ਇਹ ਕਿਸੇ ਹੋਰ ਵੀ ਸਿੱਖ ਸੰਸਥਾ ਦਾ ਮੈਂਬਰ ਹੈ ਤਾਂ ਇਸ ਦੀ ਤੁਰਤ ਛੁੱਟੀ ਕੀਤੀ ਜਾਵੇ। ਇਸ ਦਾ ਨਾਮ ਲੈ ਕੇ ਕਿਸੇ ਵੀ ਧਾਰਮਕ ਅਸਥਾਨ 'ਤੇ ਅਰਦਾਸ ਨਾ ਕੀਤੀ ਜਾਵੇ। ਜਥੇਦਾਰਾਂ' ਵਲੋਂ ਇਹ ਵੀ ਫ਼ੈਸਲਾ ਲਿਆ ਗਿਆ ਕਿ ਅੱਗੇ ਤੋਂ ਬਜਰ ਕੁਰਹਿਤ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਕਿਸੇ ਸਿੱਖ ਧਾਰਮਕ ਸੰਸਥਾ ਵਿਚ ਨੁਮਾਇੰਦਗੀ ਨਾ ਦਿਤੀ ਜਾਵੇ ਅਤੇ ਕਿਸੇ ਵੀ ਵਿਅਕਤੀ ਨੂੰ ਅਹੁਦੇਦਾਰ ਬਣਾਉਣ ਤੋਂ ਪਹਿਲਾਂ ਉਸ ਵਿਅਕਤੀ ਦੇ ਕਿਰਦਾਰ ਨੂੰ ਧਿਆਨ ਵਿਚ ਰਖਿਆ ਜਾਇਆ ਕਰੇ। ਗਿ .ਗੁਰਬਚਨ ਸਿੰਘ ਮੁਤਾਬਕ ਸਿਰਸੇ ਸਾਧ ਕੋਲੋਂ ਵੋਟਾਂ ਮੰਗਣ ਲਈ ਗਏ ਅਰਜਨ ਸਿੰਘ ਬਾਦਲ ਪੁੱਤਰ ਮਨਪ੍ਰੀਤ ਸਿੰਘ ਬਾਦਲ ਅਤੇ ਬੀਬੀ ਰਜਿੰਦਰ ਕੌਰ ਭੱਠਲ, ਜਿਨ੍ਹਾਂ ਵਲੋਂ ਉਸ ਸਮੇਂ ਨਾ ਪੁੱਜ ਸਕਣ ਬਾਰੇ ਲਿਖਤੀ ਦਿਤਾ ਗਿਆ ਪ੍ਰੰਤੂ ਅਜੇ ਤਕ ਇਹ ਹਾਜ਼ਰ ਨਹੀਂ ਹੋਏ। ਇਨ੍ਹਾਂ ਨੂੰ ਆਖ਼ਰੀ ਵਾਰ ਅਕਾਲ ਤਖ਼ਤ ਵਿਖੇ ਪੇਸ਼ ਹੋਣ ਲਈ ਮੌਕਾ ਦਿਤਾ ਜਾਂਦਾ ਹੈ। ਜੇਕਰ ਇਹ ਇਸ ਵਾਰ ਵੀ ਪੇਸ਼ ਨਹੀਂ ਹੁੰਦੇ ਤਾਂ ਇਨ੍ਹਾਂ ਉਪਰ ਅਕਾਲ ਤਖ਼ਤ ਵਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।