ਜੇ ਬੇਨਾਮ ਚਿੱਠੀ 'ਤੇ ਸੌਦਾ ਸਾਧ ਨੂੰ ਜੇਲ ਹੋ ਸਕਦੀ ਹੈ ਤਾਂ ਏਨੇ ਸਬੂਤ ਹੋਣ ਦੇ ਬਾਵਜੂਦ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਕਿਉਂ ਨਹੀਂ?

ਪੰਥਕ, ਪੰਥਕ/ਗੁਰਬਾਣੀ

ਮੋਹਾਲੀ, 5 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : 1984 ਸਿੱਖ ਕਤਲੇਆਮ ਪੀੜਤ ਵੈਲਫ਼ੇਅਰ ਸੁਸਾਇਟੀ, ਮੋਹਾਲੀ ਨੇ ਸਿੱਖ ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਦਿਤੇ ਜਾਣ ਅਤੇ ਕਤਲੇਆਮ ਪੀੜਤਾਂ ਦਾ ਪੁਨਰਵਾਸ ਕੀਤੇ ਜਾਣ ਦੀ ਮੰਗ ਕੀਤੀ ਹੈ।ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਸਿੱਖ ਕਤਲੇਆਮ ਦੇ 33 ਸਾਲਾਂ ਮਗਰੋਂ ਵੀ ਸਮੇਂ ਦੀਆਂ ਸਰਕਾਰਾਂ ਨੇ ਸਿੱਖਾਂ ਨੂੰ ਇਨਸਾਫ਼ ਨਹੀਂ ਦਿਤਾ। ਉਨ੍ਹਾਂ ਕਿਹਾ ਕਿ ਅਦਾਲਤ ਨੇ ਬੇਨਾਮ ਚਿੱਠੀ ਦੇ ਆਧਾਰ 'ਤੇ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਕੇ ਬਲਾਤਕਾਰ ਪੀੜਤ ਕੁੜੀਆਂ ਨੂੰ ਇਨਸਾਫ਼ ਦਿਤਾ ਹੈ ਪਰ ਸਿੱਖ ਕਤਲੇਆਮ ਤਾਂ ਦੁਨੀਆਂ ਦੀਆਂ ਨਜ਼ਰਾਂ ਸਾਹਮਣੇ ਹੋਇਆ ਅਤੇ ਇਸ ਦੇ ਅਨੇਕਾਂ ਹੀ ਸਬੂਤ ਸਰਕਾਰੇ-ਦਰਬਾਰੇ ਅਤੇ ਅਦਾਲਤਾਂ ਵਿਚ ਪੇਸ਼ ਕੀਤੇ ਜਾ ਚੁਕੇ ਹਨ ਪਰ ਇਸ ਦੇ ਬਾਵਜੂਦ ਸਿੱਖਾਂ ਨੂੰ ਅੱਜ ਤਕ ਇਨਸਾਫ਼ ਨਹੀਂ ਮਿਲਿਆ।