ਜੀਕੇ ਤੇ ਸਿਰਸਾ ਨੇ ਗੋਲਕ ਦੀ ਦੁਰਵਰਤੋਂ ਕਿਉਂ ਕੀਤੀ? ਸਰਨਾ ਭਰਾ

ਪੰਥਕ, ਪੰਥਕ/ਗੁਰਬਾਣੀ

ਨਵੀਂ ਦਿੱਲੀ, 21 ਸਤੰਬਰ (ਅਮਨਦੀਪ ਸਿੰਘ) ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਨੇ ਬਾਦਲਾਂ ਦੇ ਗ਼ਲਬੇ ਵਾਲੀ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ 'ਤੇ ਕੜਾਹ ਪ੍ਰਸ਼ਾਦ ਤੇ ਲੰਗਰ ਬਣਾਉਣ ਲਈ ਗੁਰਦਵਾਰਿਆਂ ਵਿਚ ਵਰਤੇ ਜਾਂਦੇ ਦੇਸੀ ਘਿਉ ਵਿਚ ਕਰੋੜਾਂ ਦਾ ਅਖਉਤੀ ਘਪਲਾ ਹੋਣ ਦਾ ਦੋਸ਼ ਲਾਇਆ ਹੈ।
ਸਰਨਾ ਭਰਾਵਾਂ ਨੇ ਕਮੇਟੀ ਤੋਂ ਆਰਟੀਆਈ ਰਾਹੀਂ ਪ੍ਰਾਪਤ ਕੀਤੇ ਵੇਰਵਿਆਂ ਦੇ ਅਧਾਰ 'ਤੇ ਦੋਸ਼ ਲਾਉਂਦਿਆਂ ਦਾਅਵਾ ਕੀਤਾ ਕਿ ਜੂਨ 2017 ਵਿਚ ਜਦ ਘਿਉ ਤੇ ਦੁੱਧ ਦੇ ਭਾਅ ਆਮ ਨਾਲੋਂ ਵੱਧ ਹੋ ਜਾਂਦੇ ਹਨ, ਉਦੋਂ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਬੰਧਕਾਂ ਨੇ 4500 ਟਿਨ ਦੇਸੀ ਘਿਉ ਦੇ ਖਰੀਦੇ ਹਨ, ਜੋਕਿ ਮਿਲਾਵਟੀ ਘਿਉ ਜਾਪਦਾ ਹੈ ਅਤੇ ਜਿਨ੍ਹਾਂ ਦੋ ਕੰਪਨੀਆਂ ਤੋਂ ਖਰੀਦੇ ਹਨ, ਉਹ ਪੜਤਾਲ ਵਿਚ ਫ਼ਰਜ਼ੀ ਨਿਕਲੀਆਂ ਹਨ।ਉਨਾਂ੍ਹ ਦਸਿਆ ਕਿ ਇਸ ਬਾਰੇ ਕੋਸ਼ੋਪੁਰ ਥਾਣੇ ਵਿਚ ਵੇਰਵਿਆਂ ਨਾਲ ਐਫਆਈਆਰ ਦਰਜ ਕਰਵਾ ਦਿਤਾ ਗਈ ਹੈ। ਉਨਾਂ੍ਹ ਇਸ ਮਾਮਲੇ ਵਿਚ ਕਮੇਟੀ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਤੇ ਜਨਰਲ ਸਕੱਤਰ ਸ.ਮਨਜਿੰਦਰ ਸਿੰਘ ਸਿਰਸਾ ਦੀ ਅਖਉਤੀ ਲੁੱਟ ਖਸੁਟ ਕਰਾਰ ਦਿਤਾ।
ਉਨ੍ਹਾਂ ਕਿਹਾ ਕਿ ਇਸ ਘਪਲੇ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਘਟੀਆ ਘਿਉ ਬਾਰੇ ਦਿੱਲੀ ਦੇ ਉਪ ਰਾਜਪਾਲ, ਮੁਖ ਮੰਤਰੀ ਅਰਵਿੰਦ ਕੇਜਰੀਵਾਲ, ਦਿੱਲੀ ਦੇ ਪੁਲਿਸ ਕਮਿਸ਼ਨਰ ਤੇ ਹੋਰ ਮਹਿਕਮਿਆਂ ਨੂੰ ਚਿੱਠੀ ਭੇਜ ਕੇ, ਸਮੁੱਚੇ ਮਾਮਲੇ ਦੀ ਪੜਤਾਲ ਕਰਵਾਉਣ ਦੀ ਮੰਗ ਕੀਤੀ ਹੈ। ਉਨਾਂ੍ਹ ਕੇਂਦਰੀ ਗ੍ਰਹਿ  ਮੰਤਰੀ ਰਾਜਨਾਥ ਸਿੰਘ ਨੂੰ ਵੀ ਇਸ ਮਾਮਲੇ ਨੂੰ ਸੰਜੀਦਗੀ ਨਾਲ ਲੈ ਕੇ ਪੜਤਾਲ ਕਰਨ ਦੀ ਮੰਗ ਕੀਤੀ ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ.ਹਰਵਿੰਦਰ ਸਿੰਘ ਸਰਨਾ ਨੇ ਕਿਹਾ, “ਰਾਈ, ਸੋਨੀਪਤ ਹਰਿਆਣਾ ਦੀ ਭਾਰਤ ਆਰਗੇਨਿਕਸ ਐਂਡ ਡੇਅਰੀ ਪ੍ਰੋਡਕਟਰ ਨਾਂਅ ਦੀ ਕੰਪਨੀ ਤੋਂ ਕਮੇਟੀ ਨੇ 5630 ਰੁਪਏ ਦੇ ਹਿਸਾਬ ਨਾਲ 4500 ਦੇਸੀ ਘਿਉ ਦੇ ਟਿਨ ਖਰੀਦੇ ਹਨ, ਜਦ ਕਿ ਦੂਜੀ ਸਮ੍ਰਿਤੀ ਪ੍ਰੋਡਕਟਸ, ਵਿਵੇਕ ਵਿਹਾਰ ਨਾਂਅ ਦੀ ਕੰਪਨੀ ਨੇ 5400 ਰੁਪਏ  ਦਾ ਘਿਉ ਦਾ ਰੇਟ ਦਿਤਾ ਸੀ, ਪਰ ਦੋਵੇਂ ਕੰਪਨੀਆਂ ਹੀ ਫ਼ਰਜ਼ੀ ਨਿਕਲੀਆਂ ਹਨ। ਮਤਲਬ ਕਿ ਘੱਟ ਮੁੱਲ 'ਤੇ ਘਿਉ ਮਿਲਣ ਦੇ ਬਾਵਜੂਦ ਵੀ ਇਨਾਂ੍ਹ ਮਹਿੰਗੇ ਮੁੱਲ ਘਿਉ ਖਰੀਦਿਆ। ਸ.ਪਰਮਜੀਤ ਸਿੰਘ ਸਰਨਾ ਨੇ ਕਿਹਾ, “ਦੋ ਦਹਾਕੇ ਪਹਿਲਾਂ ਦਿੱਲੀ ਗੁਰਦਵਾਰਾ ਕਮੇਟੀ ਨੇ ਇਹ ਫੈਸਲਾ ਕੀਤਾ ਸੀ ਕਿ ਦੇਸੀ ਘਿਉ ਸਿਰਫ ਸਿਧਾ ਕੰਪਨੀਆਂ ਤੋਂ ਹੀ ਖਰੀਦਿਆ ਜਾਵੇਗਾ, ਪਰ ਮੌਜੂਦਾ ਪ੍ਰਬੰਧਕਾਂ ਨੇ ਹੇਰਾ-ਫੇਰੀ ਕੀਤੀ ਹੈ।''